ਇੰਟੈਲੀਜੈਂਸ ਬਿਊਰੋ ਦੀ ਚਿਤਾਵਨੀ, ਭਾਰਤ ’ਚ ਅੱਤਵਾਦੀ ਹਮਲੇ ਕਰ ਸਕਦਾ ਹੈ ਲਸ਼ਕਰ-ਏ-ਖਾਲਸਾ
Friday, Aug 05, 2022 - 01:46 PM (IST)
ਨਵੀਂ ਦਿੱਲੀ (ਅਨਸ)- ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਇੰਟੈਲੀਜੈਂਸ ਬਿਊਰੋ (ਆਈ. ਬੀ.) ਨੇ ਆਈ. ਐੱਸ. ਨਾਲ ਜੁੜੇ ਨਵੇਂ ਅੱਤਵਾਦੀ ਸੰਗਠਨ ਲਸ਼ਕਰ-ਏ-ਖਾਲਸਾ ਵੱਲੋਂ ਰਾਸ਼ਟਰੀ ਰਾਜਧਾਨੀ ਅਤੇ ਜੰਮੂ-ਕਸ਼ਮੀਰ ’ਚ ਸੰਭਾਵੀ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਲਸ਼ਕਰ-ਏ-ਖਾਲਸਾ ਨੂੰ ਖਾਸ ਤੌਰ ’ਤੇ ਆਈ.ਐੱਸ. ਨੇ ਭਾਰਤ ’ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਬਣਾਇਆ ਹੈ। ਅਫਗਾਨ ਲੜਾਕੇ ਇਸ ਨਵੇਂ ਸੰਗਠਨ ਦਾ ਹਿੱਸਾ ਹਨ, ਜਿਸ ਨੂੰ ਹਾਲ ਹੀ ’ਚ ਬਣਾਇਆ ਗਿਆ ਹੈ। ਆਈ. ਬੀ. ਵੱਲੋਂ ਅੱਤਵਾਦੀ ਅਡਵਾਇਜ਼ਰੀ ਦੇ ਤੌਰ ’ਤੇ 10 ਸਫਿਆਂ ਦਾ ਨੋਟ ਜਾਰੀ ਕੀਤਾ ਗਿਆ ਹੈ। ਰਿਪੋਰਟ ’ਚ ਰਾਜਸਥਾਨ ਦੇ ਉਦੇਪੁਰ ਅਤੇ ਮਹਾਰਾਸ਼ਟਰ ਦੇ ਅਮਰਾਵਤੀ ’ਚ ਹਿੰਸਕ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਕੱਟੜਪੰਥੀ ਸਰਗਰਮ ਹਨ ਜੋ ਕਿ ਦੰਗਿਆਂ ਵਰਗੇ ਹਾਲਾਤ ਪੈਦਾ ਕਰ ਸਕਦੇ ਹਨ।
ਇਸ ਤੋਂ ਇਲਾਵਾ ਆਈ. ਬੀ. ਨੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਕਤਲ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ’ਤੇ ਇਕ ਹਥਿਆਰਬੰਦ ਹਮਲਾਵਰ ਨੇ ਹਮਲਾ ਕੀਤਾ ਸੀ। ਆਈ. ਬੀ. ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਘਟਨਾਵਾਂ ਹੋ ਸਕਦੀਆਂ ਹਨ ਅਤੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਲ ਕਿਲੇ ’ਤੇ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ ਦੌਰਾਨ ਵਾਧੂ ਇੰਤਜ਼ਾਮ ਕੀਤੇ ਜਾਣ। ਇਸ ਵਾਰ ਲਾਲ ਕਿਲੇ ਦੇ ਆਲੇ-ਦੁਆਲੇ ਸੁਰੱਖਿਆ ਦੇ ਜ਼ਿਆਦਾ ਇੰਤਜ਼ਾਮ ਹੋਣਗੇ ਅਤੇ ਆਯੋਜਨ ਸਥਾਨ ’ਤੇ ਕੁਝ ਕੁ ਲੋਕਾਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ। ਆਈ. ਬੀ. ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਲਸ਼ਕਰ-ਏ-ਖਾਲਸਾ ਭਾਰਤ ’ਚ ਰਹਿਣ ਵਾਲੇ ਅਫਗਾਨਿਸਤਾਨ ਅਤੇ ਸੂਡਾਨ ਦੇ ਨਾਗਰਿਕਾਂ ’ਤੇ ਹਮਲਾ ਕਰ ਸਕਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ