ਕੇਦਾਰਨਾਥ ਯਾਤਰਾ ’ਤੇ ਫਿਰ ਸੰਕਟ: ਗੌਰੀਕੁੰਡ ਨੇੜੇ ‘ਜ਼ਮੀਨ ਖਿਸਕੀ’, ਪੈਦਲ ਮਾਰਗ ਬੰਦ
Friday, Jul 31, 2026 - 03:33 AM (IST)
ਰੁਦਰਪ੍ਰਯਾਗ - ਉੱਤਰਾਖੰਡ ’ਚ ਲਗਾਤਾਰ ਪੈ ਰਹੇ ਮੀਂਹ ਦੌਰਾਨ ਕੇਦਾਰਨਾਥ ਯਾਤਰਾ ਮਾਰਗ ’ਤੇ ਇਕ ਵਾਰ ਫਿਰ ਜ਼ਮੀਨ ਖਿਸਕਣ ਕਾਰਨ ਯਾਤਰਾ ਪ੍ਰਭਾਵਿਤ ਹੋ ਗਈ ਹੈ। ਗੌਰੀਕੁੰਡ ਗੇਟ ਤੋਂ ਲੱਗਭਗ 200 ਮੀਟਰ ਅੱਗੇ ਭਾਰੀ ਮਾਤਰਾ ’ਚ ਮਲਬਾ ਤੇ ਪੱਥਰ ਡਿੱਗਣ ਕਾਰਨ ਪੈਦਲ ਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਹਤਿਆਤ ਵਜੋਂ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਆਵਾਜਾਈ ਤੁਰੰਤ ਰੋਕ ਦਿੱਤੀ ਹੈ।
ਜ਼ਿਲਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਪਹਾੜੀ ਤੋਂ ਮਲਬਾ ਤੇ ਵੱਡੇ ਪੱਥਰ ਲਗਾਤਾਰ ਡਿੱਗ ਰਹੇ ਸਨ ਜਿਸ ਨਾਲ ਸੜਕ ਬੰਦ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰਾਹਤ ਤੇ ਬਚਾਅ ਟੀਮਾਂ ਅਤੇ ਸਬੰਧਤ ਵਿਭਾਗਾਂ ਦੀਆਂ ਟੀਮਾਂ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ ਅਤੇ ਸੜਕ ਤੋਂ ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਲਗਾਤਾਰ ਮੀਂਹ ਤੇ ਰੁਕ-ਰੁਕ ਕੇ ਜ਼ਮੀਨ ਖਿਸਕਣ ਕਾਰਨ ਸੜਕ ਨੂੰ ਬਹਾਲ ਕਰਨ ਵਿਚ ਰੁਕਾਵਟ ਆ ਰਹੀ ਹੈ। ਸੁਰੱਖਿਆ ਕਾਰਨਾਂ ਕਰ ਕੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਰੋਕ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਸਬਰ ਰੱਖਣ, ਬਿਨਾਂ ਇਜਾਜ਼ਤ ਦੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ਤੋਂ ਗੁਰੇਜ਼ ਕਰਨ ਅਤੇ ਜ਼ਿਲਾ ਪ੍ਰਸ਼ਾਸਨ, ਪੁਲਸ ਅਤੇ ਸਬੰਧਤ ਵਿਭਾਗਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
