ਤੁਰਕੀ ਦੇ ਬਾਜ਼ਾਰ ’ਚ ਨਕਦੀ ਸੰਕਟ ਨਾਲ ਹਲਚਲ: 48 ਲੋਕਾਂ ਦੇ ਵਿਦੇਸ਼ ਜਾਣ ’ਤੇ ਰੋਕ, ਕਈ ਅਧਿਕਾਰੀ ਹਿਰਾਸਤ ''ਚ

Saturday, Sep 19, 2026 - 06:38 AM (IST)

ਤੁਰਕੀ ਦੇ ਬਾਜ਼ਾਰ ’ਚ ਨਕਦੀ ਸੰਕਟ ਨਾਲ ਹਲਚਲ: 48 ਲੋਕਾਂ ਦੇ ਵਿਦੇਸ਼ ਜਾਣ ’ਤੇ ਰੋਕ, ਕਈ ਅਧਿਕਾਰੀ ਹਿਰਾਸਤ ''ਚ

ਇਸਤਾਂਬੁਲ (ਇੰਟ.) : ਤੁਰਕੀ ਵਿਚ ਇਨਵੈਸਟਮੈਂਟ ਫੰਡਾਂ ’ਚੋਂ ਅਚਾਨਕ ਭਾਰੀ ਪੈਸਾ ਕੱਢਵਾਉਣ ਤੋਂ ਬਾਅਦ ਪੈਦਾ ਹੋਇਆ ‘ਨਕਦੀ ਸੰਕਟ’ ਹੁਣ ਜਾਂਚ ਅਤੇ ਰੈਗੂਲੇਟਰੀ ਕਾਰਵਾਈ ਤੱਕ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਕਈ ਵੱਡੇ ਵਿੱਤੀ ਸਮੂਹਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਦੋਂ ਕਿ 48 ਲੋਕਾਂ ਦੇ ਦੇਸ਼ ਤੋਂ ਬਾਹਰ ਜਾਣ ’ਤੇ ਰੋਕ ਲਗਾ ਦਿੱਤੀ ਗਈ ਹੈ। ਸੰਕਟ ਦੇ ਵਿਚਕਾਰ ਤੁਰਕੀ ਦੇ ਕੇਂਦਰੀ ਬੈਂਕ ਨੇ ਬਾਜ਼ਾਰ ਵਿਚ ਲੀਰਾ ਦੀ ਨਕਦੀ ਵਧਾਉਣ ਲਈ ਕਦਮ ਚੁੱਕੇ ਹਨ ਅਤੇ ਪੂੰਜੀ ਬਾਜ਼ਾਰ ਰੈਗੂਲੇਟਰੀ ਨੇ 7 ਪੋਰਟਫੋਲੀਓ ਪ੍ਰਬੰਧਨ ਕੰਪਨੀਆਂ ਨਾਲ ਜੁੜੇ 130 ਇਨਵੈਸਟਮੈਂਟ ਫੰਡਾਂ ਨੂੰ ਬੰਦ (ਲਿਕਵੀਡੇਸ਼ਨ) ਕਰਨ ਦੇ ਦਾਇਰੇ ਵਿਚ ਪਾ ਦਿੱਤਾ ਹੈ। ਸ਼ੁੱਕਰਵਾਰ ਨੂੰ ਰੈਗੂਲੇਟਰ ਨੇ ਇਸ ਪ੍ਰਕਿਰਿਆ ਲਈ ਇਸ਼ ਬੈਂਕ ਅਤੇ ਜ਼ੀਰਾਤ ਬੈਂਕ ਨੂੰ ਜ਼ਿੰਮੇਵਾਰੀ ਸੌਂਪੀ।

18 ਅਰਬ ਡਾਲਰ ਦੇ ਫੰਡ ’ਤੇ ਸੰਕਟ ਦੀ ਮਾਰ

ਰਿਪੋਰਟਾਂ ਅਨੁਸਾਰ ਜਿਨ੍ਹਾਂ ਫੰਡਾਂ ਖ਼ਿਲਾਫ਼ ਕਾਰਵਾਈ ਹੋਈ ਹੈ, ਉਨ੍ਹਾਂ ਵਿਚ ਬੁੱਧਵਾਰ ਸ਼ਾਮ ਤੱਕ ਲਗਭਗ 18 ਅਰਬ ਡਾਲਰ ਦੀ ਨਿਵੇਸ਼ ਰਾਸ਼ੀ ਸੀ ਅਤੇ ਇਹ 3.5 ਲੱਖ ਤੋਂ ਵੱਧ ਨਿਵੇਸ਼ਕਾਂ ਨਾਲ ਜੁੜੇ ਹੋਏ ਸਨ। ਇਕ ਹੋਰ ਸਰੋਤ ਅਨੁਸਾਰ ਪ੍ਰਭਾਵਿਤ ਫੰਡਾਂ ਦਾ ਕੁੱਲ ਪੋਰਟਫੋਲੀਓ ਆਕਾਰ ਲਗਭਗ 891 ਅਰਬ ਲੀਰਾ (ਭਾਵ 21.4 ਅਰਬ ਡਾਲਰ) ਸੀ। ਅੰਕੜਿਆਂ ਵਿਚ ਫ਼ਰਕ ਦਾ ਕਾਰਨ ਵੱਖ-ਵੱਖ ਸਮੇਂ ’ਤੇ ਫੰਡਾਂ ਦਾ ਕੀਤਾ ਗਿਆ ਮੁਲਾਂਕਣ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹਵਾ 'ਚ ਉੱਡਦਾ ਜਹਾਜ਼ ਬਣਿਆ ਜੰਗ ਦਾ ਅਖਾੜਾ: ਕੇਬਿਨ 'ਚ ਮੁਸਾਫ਼ਰਾਂ ਵਿਚਾਲੇ ਚੱਲੇ ਘਸੁੰਨ-ਮੁੱਕੇ (ਵੇਖੋ Video)

ਕਈ ਵੱਡੇ ਵਿੱਤੀ ਅਧਿਕਾਰੀਆਂ ’ਤੇ ਕਾਰਵਾਈ

ਇਸਤਾਂਬੁਲ ਸਰਕਾਰੀ ਵਕੀਲ ਦੇ ਦਫ਼ਤਰ ਦੀ ਜਾਂਚ ਤਹਿਤ ਪੁਸੁਲਾ ਪੋਰਟਫੋਲੀਓ ਦੇ ਚੇਅਰਮੈਨ ਮੁਹੰਮਦ ਯਾਰਿਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਮਿਕ ਕੇਮਾਲ ਗੋਕਾਲਪ, ਇਬ੍ਰਾਹਿਮ ਬੇਕਚੀ ਅਤੇ ਅਲਤੁੰਚ ਕੁਮੋਵਾ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਤੋਂ ਇਲਾਵਾ ਟੇਰਾ ਹੋਲਡਿੰਗ ਦੇ ਚੇਅਰਮੈਨ ਐਮਰੇ ਤੇਜ਼ਮੇਨ, ਪੁਸੁਲਾ ਹੋਲਡਿੰਗ ਦੇ ਸਰਦਾਰ ਤੁਰਹਾਨ ਸਮੇਤ ਕੁੱਲ 48 ਲੋਕਾਂ ਦੇ ਵਿਦੇਸ਼ ਜਾਣ ’ਤੇ ਰੋਕ ਲਾਈ ਗਈ ਹੈ। ਅਧਿਕਾਰੀਆਂ ਦੀ ਇਹ ਕਾਰਵਾਈ ਪੂੰਜੀ ਬਾਜ਼ਾਰ ਵਿਚ ਹੋਏ ਲੈਣ-ਦੇਣ ਦੀ ਜਾਂਚ ਨਾਲ ਜੁੜੀ ਦੱਸੀ ਜਾ ਰਹੀ ਹੈ।

ਕੇਂਦਰੀ ਬੈਂਕ ਨੇ ਵਧਾਈ ਨਕਦੀ

ਨਕਦੀ ਦਾ ਦਬਾਅ ਘੱਟ ਕਰਨ ਲਈ ਤੁਰਕੀ ਦੇ ਕੇਂਦਰੀ ਬੈਂਕ ਨੇ ਹਫ਼ਤਾਵਾਰੀ ਰੈਪੋ ਰਾਹੀਂ ਉਪਲਬਧ ਫੰਡਿੰਗ ਵਧਾਉਣ, ਬੈਂਕਾਂ ਦੀ ਅੰਤਰ-ਬੈਂਕ ਉਧਾਰ ਸੀਮਾ ਵਿਚ ਬਦਲਾਅ ਅਤੇ ਗਹਿਣੇ ਰੱਖੀਆਂ ਜਾਇਦਾਦਾਂ ’ਤੇ ਲਾਗੂ ਕਟੌਤੀ ਦਰਾਂ ਵਿਚ ਸੋਧ ਕਰਨ ਦਾ ਫ਼ੈਸਲਾ ਕੀਤਾ। ਰਿਪੋਰਟਾਂ ਅਨੁਸਾਰ ਰੈਪੋ ਫੰਡਿੰਗ ਨੂੰ ਵਧਾ ਕੇ 300 ਅਰਬ ਲੀਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Reel ਦੇਖ ਕੇ ਆਰਡਰ ਕਰ 'ਤਾ ਸੋਲਰ ਪੈਨਲ, ਫਿਰ ਵਪਾਰੀ ਨਾਲ ਹੋ ਗਈ 19.35 ਲੱਖ ਰੁਪਏ ਦੀ ਠੱਗੀ

ਗਿਰਾਵਟ ਤੋਂ ਬਾਅਦ ਸੰਭਲਿਆ ਬਾਜ਼ਾਰ, ਸ਼ੁੱਕਰਵਾਰ ਨੂੰ ਫਿਰ ਦਬਾਅ

ਬਾਜ਼ਾਰ ਵਿਚ ਸੰਕਟ ਦਾ ਅਸਰ ਬਿਸਟ-100 ਸੂਚਕ ਅੰਕ ’ਤੇ ਵੀ ਪਿਆ। 16 ਸਤੰਬਰ ਨੂੰ ਸੂਚਕ ਅੰਕ 5.54 ਫੀਸਦੀ ਡਿੱਗ ਕੇ 13,122.58 ’ਤੇ ਬੰਦ ਹੋਇਆ ਸੀ। ਇਸ ਤੋਂ ਬਾਅਦ ਸਰਕਾਰੀ ਅਤੇ ਰੈਗੂਲੇਟਰੀ ਕਦਮਾਂ ਨਾਲ 17 ਸਤੰਬਰ ਨੂੰ ਇਸ ਵਿਚ 2.95 ਫੀਸਦੀ ਦਾ ਉਛਾਲ ਆਇਆ ਅਤੇ ਇਹ 13,509.76 ’ਤੇ ਬੰਦ ਹੋਇਆ। ਹਾਲਾਂਕਿ 18 ਸਤੰਬਰ ਨੂੰ ਬਾਜ਼ਾਰ ਨੇ ਫਿਰ ਕਮਜ਼ੋਰੀ ਨਾਲ ਸ਼ੁਰੂਆਤ ਕੀਤੀ ਅਤੇ ਸੂਚਕ ਅੰਕ ਸ਼ੁਰੂਆਤੀ ਕਾਰੋਬਾਰ ਵਿਚ 1.13 ਫੀਸਦੀ ਡਿੱਗ ਕੇ 13,356.72 ’ਤੇ ਆ ਗਿਆ।

ਅਜੇ ਬੈਂਕਿੰਗ ਸਿਸਟਮ ਦਾ ਵਿਆਪਕ ਸੰਕਟ ਨਹੀਂ

ਤੁਰਕੀ ਦੀ ਵਿੱਤੀ ਸਥਿਰਤਾ ਕਮੇਟੀ ਨੇ ਕਿਹਾ ਹੈ ਕਿ ਫੰਡਾਂ ਨਾਲ ਜੁੜੀ ਸਮੱਸਿਆ ਵੱਖ-ਵੱਖ ਮਾਮਲਿਆਂ ਤੱਕ ਹੀ ਸੀਮਤ ਹੈ ਅਤੇ ਬਾਜ਼ਾਰ ਦੇ ਆਮ ਕੰਮਕਾਜ ਵਿਚ ਕੋਈ ਬੁਨਿਆਦੀ ਜਾਂ ਢਾਂਚਾਗਤ ਖ਼ਤਰਾ ਨਹੀਂ ਹੈ। ਹਾਲਾਂਕਿ, ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨਾ ਅਤੇ ਫੰਡਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਨਾ ਹੁਣ ਤੁਰਕੀ ਲਈ ਇਕ ਵੱਡੀ ਚੁਣੌਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News