ਹਿਮਾਚਲ: ਜ਼ਮੀਨ ਖਿਸਕਣ ਨਾਲ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ ਬੰਦ
Monday, Feb 14, 2022 - 03:35 PM (IST)
ਸੋਲਨ— ਹਿਮਾਚਲ ਪ੍ਰਦੇਸ਼ ਵਿਚ ਸੋਲਨ ਜ਼ਿਲ੍ਹੇ ਦੇ ਮਨਸਾਰ ’ਚ ਫੋਰ ਲੇਨ ਕੰਮ ਕਾਰਨ ਸੋਮਵਾਰ ਸਵੇਰੇ 9.30 ਵਜੇ ਜ਼ਮੀਨ ਖਿਸਕਣ ਕਾਰਨ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ ਕਰੀਬ 1 ਘੰਟੇ ਤਕ ਬੰਦ ਰਿਹਾ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਆਮ ਲੋਕਾਂ ਸਮੇਤ ਵੱਡੀ ਗਿਣਤੀ ਵਿਚ ਸੈਲਾਨੀ ਵਾਹਨ ਹਾਈਵੇਅ ’ਤੇ ਫਸੇ ਰਹੇ। ਹਾਈਵੇਅ ’ਤੇ ਸ਼ਿਮਲਾ ਅਤੇ ਕਾਲਕਾ ਵਲੋਂ ਦੋਹਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਜ਼ਖਮੀ ਹੋਇਆ ਹੈ।
ਗਨੀਮਤ ਇਹ ਰਹੀ ਕਿ ਜ਼ਮੀਨ ਖਿਸਕਣ ਦੌਰਾਨ ਕੋਈ ਵਾਹਨ ਨਹੀਂ ਲੰਘ ਰਿਹਾ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀ ਇਕ ਫੋਰ ਲੇਨ ਕੰਪਨੀ ਵਿਚ ਕੰਮ ਕਰ ਰਹੇ ਵਿਅਕਤੀ ਦੇ ਚੱਟਾਨ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਸੀ। ਆਏ ਦਿਨ ਹੋ ਰਹੇ ਇਨ੍ਹਾਂ ਹਾਦਸਿਆਂ ਤੋਂ ਵੀ ਨਿਰਮਾਣ ਕੰਪਨੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਸਬਕ ਨਹੀਂ ਲੈ ਰਿਹਾ ਹੈ। ਹਾਲਾਂਕਿ ਜ਼ਮੀਨ ਖਿਸਕਣ ਕਾਰਨ ਸ਼ਿਮਲਾ ਅਤੇ ਸੋਲਨ ਵੱਲ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤਕ ਹਾਈਵੇਅ ਆਵਾਜਾਈ ਲਈ ਬਹਾਲ ਨਹੀਂ ਹੋ ਜਾਂਦਾ, ਉਨ੍ਹਾਂ ਨੂੰ ਲੰਬੀ ਉਡੀਕ ਕਰਨੀ ਪੈ ਸਕਦੀ ਹੈ। ਸਥਾਨਕ ਲੋਕਾਂ ਦਾ ਵੀ ਫੋਰ ਲੇਨ ਬਣਾ ਰਹੀ ਕੰਪਨੀ ਦੇ ਕੰਮ ਨੂੰ ਲੈ ਕੇ ਭਾਰੀ ਰੋਹ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਹਾਦਸੇ ਹੋ ਰਹੇ ਹਨ, ਉੱਥੇ ਹੀ ਕੁਦਰਤੀ ਜਲ ਸਰੋਤ ਵੀ ਖ਼ਤਮ ਹੋ ਰਹੇ ਹਨ।