ਹਿਮਾਚਲ ਪ੍ਰਦੇਸ਼ : ਲਾਹੌਲ-ਸਪੀਤੀ ਪਿੰਡ ਦੀ ਜ਼ਮੀਨ ਧਸੀ, ਵਸਨੀਕਾਂ ਨੇ ਭੂ-ਵਿਗਿਆਨਕ ਸਰਵੇਖਣ ਦੀ ਕੀਤੀ ਮੰਗ

10/23/2023 3:04:02 PM

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਲਿੰਡੁਰ ਪਿੰਡ ਵਿਚ ਜ਼ਮੀਨ ਖਿਸਕਣ ਕਾਰਨ 16 ਵਿਚੋਂ 9 ਘਰਾਂ ਵਿਚ ਤਰੇੜਾਂ ਆਉਣ ਤੋਂ ਬਾਅਦ ਨਿਵਾਸੀਆਂ ਨੇ ਸੰਕਟ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭੂ-ਵਿਗਿਆਨਕ ਸਰਵੇਖਣ ਦੀ ਮੰਗ ਕੀਤੀ ਹੈ। ਪਿੰਡ ਦੇ 70 ਦੇ ਕਰੀਬ ਵਸਨੀਕ ਆਪਣੇ ਘਰ ਢਹਿ ਜਾਣ ਦੇ ਡਰ ਕਾਰਨ ਖੁੱਲ੍ਹੇ ਵਿਚ ਸੌਣ ਲਈ ਮਜ਼ਬੂਰ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਤਰੇੜਾਂ ਪੈਣ ਕਾਰਨ ਉਨ੍ਹਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਦਾ ਵੀ ਨੁਕਸਾਨ ਹੋਇਆ ਹੈ। ਗੋਹਰਮਾ ਗ੍ਰਾਮ ਪੰਚਾਇਤ ਦੀ ਮੁਖੀ ਸਰਿਤਾ ਨੇ ਦੱਸਿਆ,"ਜੂਨ/ਜੁਲਾਈ ਵਿਚ ਪਿੰਡ ਦੇ ਘੇਰੇ ਵਿਚ ਤਰੇੜਾਂ ਦੇਖੀਆਂ ਗਈਆਂ ਅਤੇ ਉਹ ਚੌੜੀਆਂ ਹੋ ਗਈਆਂ, ਜਿਸ ਨਾਲ ਘਰਾਂ ਲਈ ਖ਼ਤਰਾ ਪੈਦਾ ਹੋ ਗਿਆ। ਪਿੰਡ ਦੇ 16 ਵਿਚੋਂ 9 ਘਰਾਂ ਵਿਚ ਤਰੇੜਾਂ ਆ ਗਈਆਂ ਅਤੇ ਇਨ੍ਹਾਂ ਵਿਚੋਂ ਚਾਰ ਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਹੈ।" ਉਨ੍ਹਾਂ ਕਿਹਾ,“ਨੇੜਲੇ ਜਹਿਮਾਲਾ ਡਰੇਨ ਤੋਂ ਪਾਣੀ ਦਾ ਵਹਾਅ, ਜਿਸ 'ਚ ਹਰ ਸਾਲ ਹੜ੍ਹ ਆਉਂਦਾ ਹੈ, ਤਰੇੜਾਂ ਲਈ ਜ਼ਿੰਮੇਵਾਰ ਹੋ ਸਕਦਾ ਹੈ ਪਰ ਇਸ ਦਾ ਪਤਾ ਸਿਰਫ਼ ਭੂ-ਵਿਗਿਆਨਕ ਸਰਵੇਖਣ ਦੁਆਰਾ ਲਗਾਇਆ ਜਾ ਸਕਦਾ ਹੈ। ਅਸੀਂ ਅਧਿਕਾਰੀਆਂ ਨੂੰ ਖੇਤਰ ਦਾ ਭੂ-ਵਿਗਿਆਨਕ ਸਰਵੇਖਣ ਕਰਵਾਉਣ ਦੀ ਬੇਨਤੀ ਕੀਤੀ ਹੈ।''

ਇਹ ਵੀ ਪੜ੍ਹੋ : ਮਿਹਨਤ 'ਤੇ ਫਿਰ ਗਿਆ ਪਾਣੀ, 125 ਫੁੱਟ ਦਾ ਰਾਵਣ ਡਿੱਗਿਆ, 12 ਲੱਖ ਰੁਪਏ 'ਚ ਹੋਇਆ ਸੀ ਤਿਆਰ

ਲਾਹੌਲ ਅਤੇ ਸਪੀਤੀ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਕੁਝ ਘਰਾਂ ਵਿਚ ਤਰੇੜਾਂ ਆ ਗਈਆਂ ਹਨ ਅਤੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਦੇ ਲੋਕਾਂ ਦੇ ਘਰਾਂ ਵਿਚ ਤਰੇੜਾਂ ਆ ਗਈਆਂ ਹਨ, ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦਾ ਵਿਕਲਪ ਦਿੱਤਾ ਗਿਆ ਹੈ ਪਰ ਹਾਲੇ ਤੱਕ ਕੋਈ ਵੀ ਹੋਰ ਥਾਂ ’ਤੇ ਨਹੀਂ ਗਿਆ। ਕੁਮਾਰ ਨੇ ਕਿਹਾ,“ਸਥਿਤੀ ਕਾਬੂ ਹੇਠ ਹੈ ਪਰ ਪਿੰਡ ਵਾਸੀ ਡਰੇ ਹੋਏ ਹਨ। ਤਹਿਸੀਲਦਾਰ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।'' ਉਨ੍ਹਾਂ ਕਿਹਾ,''ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦੋ ਤੋਂ ਤਿੰਨ ਪੰਚਾਇਤੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਹਿਮਾਲਾ ਡਰੇਨ ਦੀ ਨਹਿਰੀਕਰਨ ਨੂੰ ਯਕੀਨੀ ਬਣਾਏ।'' ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਤਕਨਾਲੋਜੀ ਸੰਸਥਾ, ਮੰਡੀ ਨੂੰ ਵੀ ਪੱਤਰ ਲਿਖਿਆ ਹੈ। ਇਸ ਸਾਲ ਦੇ ਸ਼ੁਰੂ 'ਚ ਗੁਆਂਢੀ ਸੂਬੇ ਉੱਤਰਾਖੰਡ ਦੇ ਜੋਸ਼ੀਮਠ 'ਚ ਵੀ ਅਜਿਹੀ ਹੀ ਸਥਿਤੀ ਪੈਦਾ ਹੋ ਗਈ ਸੀ, ਜਦੋਂ ਕਈ ਘਰ, ਖੇਤ ਅਤੇ ਸੜਕਾਂ ਤਬਾਹ ਹੋ ਗਈਆਂ ਸਨ। ਸ਼ਹਿਰ 'ਚ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣਾ ਪਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News