ਈ. ਡੀ. ਨੇ ਹੁੱਡਾ ਕੋਲੋਂ ਦੂਸਰੇ ਦਿਨ ਵੀ ਕਈ ਘੰਟੇ ਕੀਤੀ ਪੁੱਛਗਿੱਛ
Saturday, Jul 27, 2019 - 11:22 AM (IST)

ਚੰਡੀਗੜ੍ਹ–ਮਾਨੇਸਰ ਜ਼ਮੀਨ ਘਪਲੇ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕੋਲੋਂ ਈ. ਡੀ. ਵਲੋਂ ਦੂਸਰੇ ਦਿਨ ਸ਼ੁੱਕਰਵਾਰ ਨੂੰ ਵੀ ਲਗਾਤਾਰ ਕਈ ਘੰਟਿਆਂ ਤੱਕ ਪੁੱਛਗਿੱਛ ਦਾ ਸਿਲਿਸਲਾ ਜਾਰੀ ਰਿਹਾ। ਹੁੱਡਾ ਸ਼ੁੱਕਰਵਾਰ ਦੁਪਹਿਰ 3 ਵਜੇ ਈ. ਡੀ. ਦੇ ਸੈਕਟਰ 17 ਸਥਿਤ ਦਫਤਰ ਪੁੱਜੇ। ਦੱਸ ਦੇਈਏ ਕਿ ਈ.ਡੀ. ਨੇ ਹੁੱਡਾ ਕੋਲੋਂ ਬੀਤੇ ਦਿਨ ਦੇਰ ਰਾਤ ਤਕ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੂੰ ਈ. ਡੀ. ਦਫਤਰ 'ਚ ਦੋ ਵਾਰ ਸੱਦਿਆ ਗਿਆ ਸੀ। ਇਸੇ ਦਰਮਿਆਨ ਸ਼ੁੱਕਰਵਾਰ ਦੁਪਹਿਰ ਸੋਸ਼ਲ ਮੀਡੀਆ ’ਤੇ ਇਹ ਵੀ ਵਾਇਰਲ ਹੋਇਆ ਕਿ ਹੁੱਡਾ ਦੀ ਤਬੀਅਤ ਖਰਾਬ ਹੋ ਗਈ ਹੈ ਪਰ ਉਨ੍ਹਾਂ ਦੇ ਸਮਰਥਕਾਂ ਨੇ ਦੱਸਿਆ ਕਿ ਅਜਿਹੀ ਕੋਈ ਗੱਲ ਨਹੀਂ। ਉਹ ਸਵੇਰੇ ਪੰਚਕੂਲਾ ਸੀ. ਬੀ. ਆਈ. ਕੋਰਟ ਗਏ ਸਨ ਅਤੇ ਦੁਪਹਿਰ ਨੂੰ ਉਨ੍ਹਾਂ ਨੇ ਆਪਣੇ ਫਲੈਟ 'ਚ ਲੰਚ ਕੀਤਾ। ਲਗਭਗ 3 ਵਜੇ ਇਥੋਂ ਈ. ਡੀ. ਦਫਤਰ ਲਈ ਰਵਾਨਾ ਹੋ ਗਏ। ਮਾਨੇਸਰ ਜ਼ਮੀਨ ਘਪਲਾ ਲਗਭਗ 1500 ਕਰੋੜ ਰੁਪਏ ਦਾ ਹੈ, ਜਿਸ 'ਚ ਸੀ. ਬੀ. ਆਈ. ਨੇ ਕੇਸ ਦਰਜ ਕੀਤਾ ਸੀ। ਸੀ. ਬੀ. ਆਈ. ਨੇ ਇਸ ਮਾਮਲੇ 'ਚ 34 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ 'ਚ ਕਈ ਬਿਲਡਰ ਵੀ ਸ਼ਾਮਲ ਹਨ।