ਜ਼ਮੀਨ ਵਿਵਾਦ ਮਾਮਲਾ : IAS ਅਧਿਕਾਰੀ ਪੂਜਾ ਖੇਡਕਰ ਦੀ ਮਾਂ ਲਾਪਤਾ

Tuesday, Jul 16, 2024 - 05:09 PM (IST)

ਜ਼ਮੀਨ ਵਿਵਾਦ ਮਾਮਲਾ : IAS ਅਧਿਕਾਰੀ ਪੂਜਾ ਖੇਡਕਰ ਦੀ ਮਾਂ ਲਾਪਤਾ

ਪੁਣੇ- ਟਰੇਨੀ IAS ਅਧਿਕਾਰੀ ਪੂਜਾ ਖੇਡਕਰ ਲਗਾਤਾਰ ਸੁਰਖੀਆਂ ਵਿਚ ਬਣੀ ਹੋਈ ਹੈ। ਉਸ 'ਤੇ ਸਿਵਿਲ ਸੇਵਾ ਪ੍ਰੀਖਿਆ ਪਾਸ ਕਰਨ ਲਈ ਗੈਰ-ਕਾਨੂੰਨੀ ਤਰੀਕਿਆਂ ਦਾ ਇਸਤੇਮਾਲ ਕਰਨ, ਧਮਕਾਉਣ ਅਤੇ ਅਣਉਚਿਤ ਵਤੀਰਾ ਕਰਨ ਦੇ ਦੋਸ਼ ਲੱਗੇ ਹਨ। ਉੱਥੇ ਹੀ ਪੂਜਾ ਦੀ ਮਾਂ ਮਨੋਰਮਾ ਖੇਡਕਰ ਵੀ ਜ਼ਮੀਨ ਵਿਵਾਦ ਨੂੰ ਲੈ ਕੇ ਚਰਚਾ ਵਿਚ ਹੈ। ਹਾਲਾਂਕਿ ਪੁਣੇ ਪੁਲਸ ਅਜੇ ਤੱਕ ਉਸ ਦਾ ਪਤਾ ਨਹੀਂ ਲਾ ਸਕੀ ਹੈ। ਪੁਣੇ ਪੁਲਸ ਮਨੋਰਮਾ ਖੇਡਕਰ ਤੋਂ ਜ਼ਮੀਨ ਵਿਵਾਦ ਨੂੰ ਲੈ ਕੇ ਉਸ ਖਿਲਾਫ਼ ਦਰਜ ਮਾਮਲੇ 'ਚ ਅਜੇ ਤੱਕ ਸੰਪਰਕ ਨਹੀਂ ਕਰ ਸਕੀ ਹੈ। ਮਨੋਰਮਾ ਵਲੋਂ ਕੁਝ ਲੋਕਾਂ ਨੂੰ ਪਿਸਤੌਲ ਵਿਖਾ ਕੇ ਧਮਕਾਉਣ ਦਾ ਵੀਡੀਓ ਸਾਹਮਣੇ ਆਉਣ ਮਗਰੋਂ ਪੁਲਸ ਨੇ ਮਨੋਰਮਾ ਅਤੇ ਉਨ੍ਹਾਂ ਦੇ ਪਤੀ ਦਿਲੀਪ ਖੇਡਕਰ ਤੋਂ ਇਲਾਵਾ 5 ਹੋਰ ਲੋਕਾਂ ਖਿਲਾਫ਼ FIR ਦਰਜ ਕੀਤੀ ਹੈ।

ਅਧਿਕਾਰੀ ਨੇ ਦੱਸਿਆ ਕਿ ਪੁਣੇ ਗ੍ਰਾਮੀਣ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦੇ ਨਾਲ ਇਕ ਟੀਮ ਸ਼ਹਿਰ ਦੇ ਬਾਨੇਰ ਰੋਡ 'ਤੇ ਸਥਿਤ ਮਨੋਰਮਾ ਦੇ ਬੰਗਲੇ 'ਤੇ ਗਈ ਸੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ। ਅਧਿਕਾਰੀ ਨੇ ਕਿਹਾ ਕਿ ਅਸੀਂ ਐਤਵਾਰ ਅਤੇ ਸੋਮਵਾਰ ਨੂੰ ਮਨੋਰਮਾ ਦੇ ਬੰਗਲੇ 'ਤੇ ਪਹੁੰਚੇ ਪਰ ਕੰਪਲੈਕਸ 'ਚ ਦਾਖਲ ਨਹੀਂ ਹੋ ਸਕੇ। ਉਸ ਦਾ ਮੋਬਾਇਲ ਫੋਨ ਵੀ ਬੰਦ ਹੈ। ਜਦੋਂ ਅਸੀਂ ਉਸ ਨੂੰ ਲੱਭ ਲਵਾਂਗੇ, ਇਕ ਜਾਂਚ ਟੀਮ ਬਣਾਈ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ 32 ਸਾਲਾ ਪੂਜਾ ਖੇਡਕਰ ਉਸ ਸਮੇਂ ਸੁਰਖੀਆਂ 'ਚ ਆਈ ਸੀ, ਜਦੋਂ ਆਪਣੀ ਸਿਖਲਾਈ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਨੇ ਵੱਖਰੇ ਕੈਬਿਨ ਅਤੇ ਸਟਾਫ਼ ਵਰਗੀਆਂ ਮੰਗਾਂ ਨੂੰ ਲੈ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਦਾ ਤਬਾਦਲਾ ਪੁਣੇ ਤੋਂ ਵਿਦਰਭ ਖੇਤਰ ਦੇ ਵਾਸ਼ਿਮ ਜ਼ਿਲ੍ਹੇ ਵਿਚ ਕਰ ਦਿੱਤਾ ਗਿਆ। ਪੁਣੇ ਕਲੈਕਟਰ ਦਫ਼ਤਰ 'ਚ ਆਪਣੇ ਵਤੀਰੇ ਤੋਂ ਇਲਾਵਾ ਪੂਜਾ ਖੇਡਕਰ 'ਤੇ ਇਹ ਵੀ ਦੋਸ਼ ਹਨ ਕਿ ਉਸ ਨੇ ਵੱਕਾਰੀ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (IAS) ਵਿਚ ਇਕ ਅਹੁਦਾ ਹਾਸਲ ਕਰਨ ਲਈ ਦਿਵਿਆਂਗ ਪ੍ਰਬੰਧਾਂ ਅਤੇ ਹੋਰ ਪਿਛੜੀਆਂ ਸ਼੍ਰੇਣੀਆਂ ਦੇ ਕੋਟੇ ਦੀ ਦੁਰਵਰਤੋਂ ਕੀਤੀ। ਕੇਂਦਰ ਸਰਕਾਰ ਨੇ ਵਧੀਕ ਸਕੱਤਰ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿਚ ਇਕ ਜਾਂਚ ਕਮੇਟੀ ਬਣਾਈ ਹੈ, ਜੋ ਮਾਮਲੇ ਦੀ ਜਾਂਚ ਕਰੇਗੀ।


author

Tanu

Content Editor

Related News