ਵੱਡੀ ਖ਼ਬਰ: ਚਾਰਾ ਘਪਲਾ ਮਾਮਲੇ ’ਚ ਲਾਲੂ ਯਾਦਵ ਨੂੰ 5 ਸਾਲ ਦੀ ਸਜ਼ਾ
Monday, Feb 21, 2022 - 05:30 PM (IST)
ਰਾਂਚੀ (ਵਾਰਤਾ)- ਬਹੁਚਰਚਿਤ ਚਾਰਾ ਘਪਲੇ ਦੇ ਸਭ ਤੋਂ ਵੱਡੇ ਮਾਮਲੇ 'ਚ ਆਰ.ਸੀ. 47ਏ/96 'ਚ ਸੋਮਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਸੁਪਰੀਮੋ ਲਾਲੂ ਪ੍ਰਸਾਦ ਨੂੰ 5 ਸਾਲ ਦੀ ਸਜ਼ਾ ਅਤੇ 60 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਰਾਂਚੀ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਐੱਸ.ਕੇ. ਸ਼ਸ਼ੀ ਦੀ ਅਦਾਲਤ ਨੇ ਸੋਮਵਾਰ ਨੂੰ ਲਾਲੂ ਸਮੇਤ ਹੋਰ ਦੋਸ਼ੀਆਂ ਦੇ ਸਜ਼ਾ ਦੇ ਬਿੰਦੂ 'ਤੇ ਸੁਣਵਾਈ ਕਰਦੇ ਹੋਏ ਇਹ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਰਾਂਚੀ ਦੇ ਡੋਰੰਡਾ ਖਜ਼ਾਨੇ ਤੋਂ 139.35 ਕਰੋੜ ਗੈਰਕਾਨੂੰਨੀ ਨਿਕਾਸੀ ਮਾਮਲੇ 'ਚ ਅਦਾਲਤ ਨੇ 15 ਫਰਵਰੀ ਨੂੰ ਲਾਲੂ ਸਮੇਤ 75 ਆਰੋਪੀਆਂ ਨੂੰ ਦੋਸ਼ ਕਰਾਰ ਦਿੱਤਾ ਸੀ, ਜਿਨ੍ਹਾਂ 'ਚੋਂ 41 ਨੂੰ ਛੱਡ ਕੇ ਹੋਰ ਨੂੰ ਪਹਿਲਾਂ ਹੀ ਸਜ਼ਾ ਸੁਣਾ ਦਿੱਤੀ ਗਈ ਸੀ, ਜਦੋਂ ਕਿ ਤਿੰਨ ਦੋਸ਼ੀ ਉਸ ਦਿਨ ਅਦਾਲਤ 'ਚ ਹਾਜ਼ਰ ਨਹੀਂ ਹੋ ਸਕੇ ਸਨ। ਲਾਲੂ ਯਾਦਵ ਨੂੰ ਇਸ ਤੋਂ ਪਹਿਲਾਂ ਚਾਰਾ ਘਪਲੇ ਨਾਲ ਜੁੜੇ ਚਾਰ ਮਾਮਲਿਆਂ 'ਚ ਸਜ਼ਾ ਹੋਈ ਹੈ। ਇਸ 'ਚ ਪਹਿਲਾ ਮਾਮਲਾ ਚਾਈਬਾਸਾ ਖਜ਼ਾਨੇ ਤੋਂ ਗੈਰ-ਕਾਨੂੰਨੀ ਢੰਗ ਨਾਲ 37.7 ਕਰੋੜ ਰੁਪਏ ਕੱਢਣ ਦਾ ਹੈ। ਇਸ ਮਾਮਲੇ 'ਚ ਲਾਲੂ ਸਮੇਤ 44 ਦੋਸ਼ੀ ਸਨ। ਇਸ ਮਾਮਲੇ 'ਚ ਲਾਲੂ ਨੂੰ 5 ਸਾਲ ਦੀ ਸਜ਼ਾ ਹੋਈ ਹੈ। ਨਾਲ ਹੀ ਇਸ ਮਾਮਲੇ 'ਚ 25 ਲੱਖ ਰੁਪਏ ਦਾ ਜੁਰਮਾਨਾ ਵੀ ਹੋਇਆ।
ਚਾਰਾ ਘਪਲੇ ਨਾਲ ਜੁੜਿਆ ਦੂਜਾ ਮਾਮਲਾ ਦੇਵਘਰ ਸਰਕਾਰੀ ਖਜ਼ਾਨੇ ਤੋਂ 84.53 ਲੱਖ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦਾ ਹੈ। ਇਸ 'ਚ ਲਾਲੂ ਸਮੇਤ 38 'ਤੇ ਕੇਸ ਹੈ। ਇਸ ਮਾਮਲੇ 'ਚ ਲਾਲੂ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ ਅਤੇ 5 ਲੱਖ ਦਾ ਜੁਰਮਾਨਾ ਲਾਇਆ ਗਿਆ ਹੈ। ਤੀਜਾ ਮਾਮਲਾ ਚਾਈਬਾਸਾ ਖਜ਼ਾਨੇ 'ਚੋਂ 33.67 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦਾ ਹੈ। ਜਿਸ 'ਚ ਲਾਲੂ ਸਮੇਤ 56 ਦੋਸ਼ੀ ਸਨ। ਇਸ 'ਚ ਰਾਜਦ ਮੁਖੀਆ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੋਰਟ ਨੇ 5 ਸਾਲ ਦੀ ਸਜ਼ਾ ਸੁਣਾਈ। ਚਾਈਬਾਸਾ ਖਜ਼ਾਨਾ ਮਾਮਲੇ 'ਚ 10 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ। ਚੌਥਾ ਮਾਮਲਾ ਦੁਮਕਾ ਖਜ਼ਾਨੇ ਤੋਂ 3.13 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦਾ ਹੈ। ਇਸ 'ਚ ਲਾਲੂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਵੱਖ-ਵੱਖ ਧਾਰਾਵਾਂ 'ਚ 7-7 ਸਾਲ ਦੀ ਸਜ਼ਾ ਸੁਣਾਈ ਗਈ। ਇਸ 'ਚ 60 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ। 5ਵੇਂ ਮਾਮਲੇ 'ਚ ਲਾਲੂ ਪ੍ਰਸਾਦ ਡੋਰੰਡਾ ਖਜ਼ਾਨੇ ਤੋਂ 139.35 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਨੀ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਹਨ ਅਤੇ ਸਜ਼ਾ ਦੇ ਬਿੰਦੂਆਂ 'ਤੇ ਅੱਜ ਸੁਣਾਈ ਹੋਈ ਅਤੇ ਬਾਅਦ 'ਚ 5 ਸਾਲ ਦੀ ਸਜ਼ਾ ਅਤੇ 60 ਲੱਖ ਦਾ ਜੁਰਮਾਨਾ ਲਗਾਇਆ ਗਿਆ।