ਗੁਰਦੇ ਦਾ ਆਪਰੇਸ਼ਨ ਕਰਵਾਏ ਬਿਨਾਂ ਸਿੰਗਾਪੁਰ ਤੋਂ ਪਰਤੇ ਲਾਲੂ ਯਾਦਵ

Thursday, Oct 27, 2022 - 12:34 PM (IST)

ਗੁਰਦੇ ਦਾ ਆਪਰੇਸ਼ਨ ਕਰਵਾਏ ਬਿਨਾਂ ਸਿੰਗਾਪੁਰ ਤੋਂ ਪਰਤੇ ਲਾਲੂ ਯਾਦਵ

ਪਟਨਾ (ਭਾਸ਼ਾ)- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਗੁਰਦੇ ਦਾ ਅਪਰੇਸ਼ਨ ਕਰਵਾਏ ਬਿਨਾਂ ਹੀ ਸਿੰਗਾਪੁਰ ਤੋਂ ਪਰਤ ਆਏ ਹਨ। ਹਾਲਾਂਕਿ ਕੁਝ ਜ਼ਰੂਰੀ ਜਾਂਚਾਂ ਕਰਨ ਤੋਂ ਬਾਅਦ ਉਹ ਇਕ ਵਾਰ ਫਿਰ ਅਦਾਲਤ ਤੋਂ ਸਿੰਗਾਪੁਰ ਜਾਣ ਦੀ ਇਜਾਜ਼ਤ ਮੰਗਣਗੇ। ਪਿਛਲੇ ਕੁਝ ਸਾਲਾਂ ਤੋਂ ਗੁਰਦੇ ਦੀ ਗੰਭੀਰ ਸਮੱਸਿਆ ਨਾਲ ਪੀੜਤ ਲਾਲੂ ਦੀਵਾਲੀ ਦੀ ਰਾਤ ਸਿੰਗਾਪੁਰ ਤੋਂ ਦਿੱਲੀ ਪਹੁੰਚੇ, ਜਿੱਥੇ ਉਹ ਆਪਣੀ ਵੱਡੀ ਬੇਟੀ ਅਤੇ ਰਾਜ ਸਭਾ ਮੈਂਬਰ ਮੀਸਾ ਭਾਰਤੀ ਦੇ ਘਰ ਠਹਿਰੇ ਹੋਏ ਹਨ। ਮੀਸਾ ਨੇ ਦਿੱਲੀ ਤੋਂ ਫੋਨ 'ਤੇ ਦੱਸਿਆ ਕਿ ਰਾਜਦ ਸੁਪਰੀਮੋ (74), ਜੋ ਅਦਾਲਤ ਦੀ ਇਜਾਜ਼ਤ ਤੋਂ ਬਾਅਦ ਸਿੰਗਾਪੁਰ ਗਏ ਸਨ, ਨੇ ਉੱਥੇ ਡਾਕਟਰੀ ਸਲਾਹ ਲਈ ਅਤੇ ਕੁਝ ਜ਼ਰੂਰੀ ਟੈਸਟ ਕੀਤੇ ਗਏ। ਮੀਸਾ ਨੇ ਦੱਸਿਆ ਕਿ ਸਿੰਗਾਪੁਰ 'ਚ ਛੁੱਟੀਆਂ ਹੋਣ ਕਾਰਨ ਉਨ੍ਹਾਂ ਦੇ ਕੁਝ ਜ਼ਰੂਰੀ ਟੈਸਟ ਨਹੀਂ ਹੋ ਸਕੇ, ਜੋ ਇੱਥੇ ਵੀ ਕਰਵਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ : 5 ਸਾਲ ਬਾਅਦ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨਾਲ ਮਨਾਈ ਦੀਵਾਲੀ

ਮੀਸਾ ਅਨੁਸਾਰ, ਇਹ ਜਾਂਚ ਕਰਵਾਉਣ ਤੋਂ ਬਾਅਦ ਲਾਲੂ ਮੁੜ ਸਿੰਗਾਪੁਰ ਜਾਣਗੇ। ਇਹ ਪੁੱਛੇ ਜਾਣ 'ਤੇ ਕਿ ਕੀ ਅਦਾਲਤ ਵਲੋਂ 25 ਅਕਤੂਬਰ ਤੱਕ ਹੀ ਦੇਸ਼ ਦੇ ਬਾਹਰ ਰਹਿਣ ਦੀ ਮਨਜ਼ੂਰੀ ਦਿੱਤੇ ਜਾਣ ਕਾਰਨ ਰਾਜਦ ਸੁਪਰੀਮੋ ਬਿਨਾਂ ਆਪਰੇਸ਼ਨ ਕਰਵਾਏ ਪਰਤ ਆਏ ਹਨ, ਮੀਸਾ ਨੇ ਕਿਹਾ,''ਹਾਂ ਇਹ ਵੀ ਇਕ ਕਾਰਨ ਸੀ।'' ਉਨ੍ਹਾਂ ਕਿਹਾ ਕਿ ਇੱਥੇ ਜ਼ਰੂਰੀ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਲਾਲੂ ਸਿੰਗਾਪੁਰ ਜਾਣ ਦੀ ਮਨਜ਼ੂਰੀ ਲਈ ਅਦਾਲਤ ਤੋਂ ਮੁੜ ਅਪੀਲ ਕਰਨਗੇ। ਗੁਰਦੇ ਦੇ ਇਲਾਜ ਲਈ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਲਾਲੂ 12 ਅਕਤੂਬਰ ਨੂੰ ਸਿੰਗਾਪੁਰ ਗਏ ਸਨ, ਜਿੱਥੇ ਆਪਣੀ ਧੀ ਰੋਹਿਣੀ ਆਚਾਰੀਆ ਦੇ ਘਰ ਰੁਕੇ ਸਨ। ਉਨ੍ਹਾਂ ਨੂੰ ਗੁਰਦੇ ਤੋਂ ਇਲਾਵਾ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਵੀ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News