ਲਖੀਮਪੁਰ ਹਿੰਸਾ ਮਾਮਲੇ ’ਚ SC ਨੇ UP ਸਰਕਾਰ ਤੋਂ ਮੰਗਿਆ ਜਵਾਬ, 4 ਅਪ੍ਰੈਲ ਦਾ ਦਿੱਤਾ ਸਮਾਂ

03/30/2022 2:25:10 PM

ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਵਲੋਂ ਕੀਤੀ ਜਾ ਰਹੀ ਜਾਂਚ ਦੀ ਨਿਗਰਾਨੀ ਕਰ ਰਹੇ ਇਕ ਸੇਵਾ ਮੁਕਤ ਜੱਜ ਦੀਆਂ ਦੋ ਰਿਪੋਰਟਾਂ ’ਤੇ 4 ਅਪ੍ਰੈਲ ਤਕ ਜਵਾਬ ਉੱਤਰ ਪ੍ਰਦੇਸ਼ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਹੈ। ਰਿਪੋਰਟ ’ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਤੇ ਮਾਮਲੇ ’ਚ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਚੀਫ ਜਸਟਿਸ ਐੱਨ. ਵੀ. ਰਮਨਾ, ਜਸਟਿਸ ਸੂਰਈਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਇਕ ਬੈਂਚ ਨੇ ਕਿਹਾ ਕਿ ਜਾਂਚ ਦੀ ਨਿਗਰਾਨੀ ਕਰ ਰਹੇ ਸੇਵਾ ਮੁਕਤ ਜੱਜ ਨੇ ਇਲਾਹਾਬਾਦ ਹਾਈ ਕੋਰਟ ਵਲੋਂ ਮਾਮਲੇ ’ਚ ਅਜੇ ਮਿਸ਼ਰਾ ਨੂੰ ਦਿੱਤੀ ਗਈ ਜ਼ਮਾਨਤ ਨੂੰ ਰੱਦ ਕਰਨ ਲਈ ਸੂਬਾ ਸਰਕਾਰ ਨੂੰ ਚਿੱਠੀ ਲਿਖੀ ਹੈ।

ਇਹ ਵੀ ਪੜ੍ਹੋ: BIMSTEC Summit ’ਚ PM ਮੋਦੀ ਬੋਲੇ- ਖੇਤਰੀ ਸੁਰੱਖਿਆ ਹੁਣ ਬੇਹੱਦ ਅਹਿਮ

ਬੈਂਚ ਨੇ ਕਿਹਾ, ‘‘ਐੱਸ. ਆਈ. ਟੀ. ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਜਾਂਚ ਦੀ ਨਿਗਰਾਨੀ ਕਰ ਰਹੇ ਜੱਜ ਦੇ ਦੋ ਪੱਤਰ ਭੇਜੇ ਹਨ, ਜਿਨ੍ਹਾਂ ਨੇ ਮੁੱਖ ਦੋਸ਼ੀ ਆਸ਼ੀਸ਼ ਦੀ ਜ਼ਮਾਨਤ ਰੱਦ ਕਰਨ ਲਈ ਸੂਬਾ ਸਰਕਾਰ ਨੂੰ ਸੁਪਰੀਮ ਕੋਰਟ ’ਚ ਅਪੀਲ ਦਾਇਰ ਕਰਨ ਲਈ ਵੀ ਇਕ ਚਿੱਠੀ ਲਿਖੀ ਹੈ। ਓਧਰ ਸੂਬਾ ਸਰਕਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੇ ਅਦਾਲਤ ਨੂੰ ਦੱਸਿਆ ਕਿ ਵਧੀਕ ਗ੍ਰਹਿ ਸਕੱਤਰ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਚਿੱਠੀ ਅਜੇ ਮਿਲੀ ਨਹੀਂ ਹੈ। ਬੈਂਚ ਨੇ ਉਨ੍ਹਾਂ ਨੂੰ ਐੱਸ.ਆਈ. ਟੀ. ਦੀ ਰਿਪੋਰਟ ’ਤੇ ਗੌਰ ਕਰਨ ਅਤੇ 4 ਅਪ੍ਰੈਲ ਤੱਕ ਆਪਣਾ ਰੁਖ਼ ਸਪੱਸ਼ਟ ਕਰਨ ਦਾ ਨਿਰਦੇਸ਼ ਦਿੱਤਾ। ਪਟੀਸ਼ਨਕਰਤਾਵਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਹਾਈ ਕੋਰਟ ’ਚ ਜ਼ਮਾਨਤ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ’ਚ ਜ਼ਮਾਨਤ ਰੱਦ ਕਰ ਦਿੱਤੀ ਜਾਵੇ, ਕਿਉਂਕਿ ਹਾਈ ਕੋਰਟ ਨੇ ਫ਼ੈਸਲਾ ਸੁਣਾਉਂਦੇ ਸਮੇਂ ਜ਼ਰੂਰੀ ਕਾਨੂੰਨੀ ਪਹਿਲੂਆਂ ’ਤੇ ਧਿਆਨ ਨਹੀਂ ਦਿੱਤਾ।

ਇਹ ਵੀ ਪੜ੍ਹੋ: ਕੇਜਰੀਵਾਲ ਬੋਲੇ- ਸਾਨੂੰ ਆਪਣੇ ਬੱਚਿਆਂ ਨੂੰ ਨੌਕਰੀ ਲੱਭਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾਉਣਾ ਹੈ

ਕੀ ਹੈ ਪੂਰਾ ਮਾਮਲਾ-
ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਅਕਤੂਬਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਕੇਸ਼ਵ ਪ੍ਰਸਾਦ ਮੌਰਿਆ ਦੀ ਫੇਰੀ ਦਾ ਕਿਸਾਨਾਂ ਦਾ ਇਕ ਸਮੂਹ ਉਸ ਸਮੇਂ ਵਿਰੋਧ ਕਰ ਰਿਹਾ ਸੀ, ਜਦੋਂ ਲਖੀਮਪੁਰ ਖੀਰੀ ਵਿਚ ਇਕ ਐੱਸ. ਯੂ. ਵੀ ਕਾਰ ਨੇ 4 ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ 2 ਵਰਕਰਾਂ ਅਤੇ ਇਕ ਡਰਾਈਵਰ ਦੀ ਕੁੱਟਮਾਰ ਕੀਤੀ, ਜਦਕਿ ਹਿੰਸਾ ਵਿਚ ਇਕ ਸਥਾਨਕ ਪੱਤਰਕਾਰ ਦੀ ਵੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਕੁਚਲਣ ਵਾਲੀ ਕਾਰ ਵਿਚ ਆਸ਼ੀਸ਼ ਮਿਸ਼ਰਾ ਸਵਾਰ ਸਨ। ਹਾਲਾਂਕਿ ਮਿਸ਼ਰਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

 


Tanu

Content Editor

Related News