ਕੋਰੋਨਾ ਵੈਕਸੀਨ ਦੀ ਕਮੀ ਨੇ ਫਿੱਕਾ ਕੀਤਾ ‘ਟੀਕਾਕਰਨ ਉਤਸਵ’, ਮੱਠੀ ਰਹੀ ਰਫ਼ਤਾਰ

04/17/2021 10:30:37 AM

ਨਵੀਂ ਦਿੱਲੀ- ਟੀਕਾ ਉਤਸਵ ਨੇ ਟੀਕਾਕਰਨ ਨੂੰ ਲੈ ਕੇ ਸਰਕਾਰ ਦੇ ਸੁਰੱਖਿਅਾ ਕਵਚ ਵਿਚ ਤਰੇੜਾਂ ਨੂੰ ਉਜਾਗਰ ਕੀਤਾ ਹੈ। ਪ੍ਰਧਾਨ ਮੰਤਰੀ ਦੇ ਟੀਕਾਕਰਨ ਟਾਸਕ ਫੋਰਸ ਦੇ ਮੁਖੀ ਡਾਕਟਰ ਵੀ. ਕੇ. ਪਾਲ 6 ਅਪ੍ਰੈਲ ਨੂੰ ਚਾਹੁੰਦੇ ਸਨ ਕਿ ਰੋਜ਼ਾਨਾ 50 ਲੱਖ ਟੀਕੇ ਲਾਏ ਜਾਣ ਜਦੋਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ ਟੀਕਾ ਉਤਸਵ ਮਨਾਇਅਾ ਜਾਵੇਗਾ ਤਾਂ ਇਹ ਮੰਨ ਲਿਅਾ ਗਿਅਾ ਕਿ ਟੀਕਾਕਰਨ ਦਾ ਨਵਾਂ ਰਿਕਾਰਡ ਬਣੇਗਾ ਪਰ ਕਲ ਜਦੋਂ ਇਹ ਉਤਸਵ ਖਤਮ ਹੋਇਅਾ ਤਾਂ ਇਹ ਇਕ ਮਾੜਾ  ਸੁਫ਼ਨਾ ਸਾਬਤ ਹੋਇਅਾ। ਅਸਲ ਵਿਚ 65 ਹਜ਼ਾਰ ਟੀਕਾਕਰਨ ਕੇਂਦਰਾਂ ਵਿਚ ਟੀਕਿਅਾਂ ਦੀ ਕਮੀ ਵੇਖੀ ਗਈ।

ਦੇਸ਼ ਵਿਚ 2 ਅਪ੍ਰੈਲ ਨੂੰ ਸਭ ਤੋਂ ਵਧ 42.70 ਲੱਖ ਟੀਕੇ ਲਾਏ ਗਏ ਜਦੋਂ ਕਿ 11 ਅਪ੍ਰੈਲ ਨੂੰ ਸਿਰਫ 29.3 ਲੱਖ ਟੀਕੇ ਹੀ ਲਾਏ ਜਾ ਸਕੇ ਅਤੇ 13 ਅਪ੍ਰੈਲ ਨੂੰ ਤਾਂ ਸਭ ਤੋਂ ਘੱਟ 26.5 ਲੱਖ ਟੀਕੇ ਹੀ ਲਾਏ ਗਏ। 12 ਅਪ੍ਰੈਲ ਨੂੰ ਛੱਡ ਦੇਈਏ ਜਿਸ ਦਿਨ 40 ਲੱਖ ਟੀਕੇ ਲਾਏ ਗਏ ਤਾਂ 14 ਅਪ੍ਰੈਲ ਨੂੰ ਹਾਲਾਤ ਮੁੜ ਖਰਾਬ ਰਹੇ । ਉਸ ਦਿਨ 33.1 ਲੱਖ ਟੀਕੇ ਹੀ ਲੱਗੇ।

ਅਧਿਕਾਰਕ ਅੰਕੜਿਅਾਂ ਤੋਂ ਭਾਜਪਾ ਸ਼ਾਸਿਤ ਸੂਬਿਅਾਂ ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਜਾਂ ਚੋਣ ਸੂਬੇ ਪੱਛਮੀ ਬੰਗਾਲ ਸਭ ਕੋਰੋਨਾ ਟੀਕਿਅਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਮਹਾਰਾਸ਼ਟਰ ਵਿਚ ਤਾਂ ਉਤਸਵ ਦੇ ਬਾਕੀ 3 ਦਿਨਾਂ ਨੂੰ ਛੱਡ ਕੇ 14 ਅਪ੍ਰੈਲ ਨੂੰ ਟੀਕਾਕਰਨ ਨੇ ਰਫਤਾਰ ਫੜੀ। ਟੀਕਿਅਾਂ ਦੀ ਕਮੀ ਨੂੰ ਲੈ ਕੇ ਦੇਸ਼ ਵਿਚ ਜਿਵੇਂ-ਜਿਵੇਂ ਰੌਲਾ ਵਧ ਰਿਹਾ ਹੈ, ਟੀਕਿਅਾਂ ਦੀ ਜ਼ਿੰਮੇਵਾਰੀ ਦਾ ਕੰਮ ਸੰਭਾਲ ਰਹੇ ਅਧਿਕਾਰੀ ਇਸ ਕੋਸ਼ਿਸ਼ ਵਿਚ ਹਨ ਕਿ ਰੂਸ ਤੋਂ ਜਲਦੀ ਤੋਂ ਜਲਦੀ ਸਪੂਤਨਿਕ ਟੀਕਾ ਦਰਾਮਦ ਕਰ ਲਿਅਾ ਜਾਵੇ ਕਿਉਂਕਿ ਘਰੇਲੂ ਉਤਪਾਦਨ ਵਧਣ ਵਿਚ ਅਜੇ ਸਮਾਂ ਲੱਗੇਗਾ।

ਪਹਿਲਾ ਟੀਕਾ ਲਗਵਾਉਣ ਪਿੱਛੋਂ ਦੂਜਾ ਟੀਕਾ ਲਵਾਉਣ ਲਈ ਪਹਿਲਾਂ 4 ਹਫਤਿਅਾਂ ਦਾ ਸਮਾਂ ਤੈਅ ਸੀ ਪਰ ਬਾਅਦ ਵਿਚ ਸਰਕਾਰ ਨੇ ਇਹ ਸਮਾਂ ਵਧਾ ਕੇ 6 ਤੋਂ 8 ਹਫਤੇ ਕਰ ਦਿੱਤਾ। ਕੁਝ ਮਾਹਰ ਮੰਨਦੇ ਹਨ ਕਿ ਸਰਕਾਰ ਨੇ ਇਹ ਨਵਾਂ ਨਿਯਮ ਟੀਕਿਅਾਂ ਦੀ ਕਮੀ ਕਾਰਣ ਬਣਾਇਅਾ। ਸਭ ਤੋਂ ਵੱਡੀ ਗੱਲ ਟੀਕਿਅਾਂ ਦੀ ਅਚਾਨਕ ਅਾਈ ਕਮੀ ਕਾਰਣ ਮਾਹਰ ਵੀ ਹੈਰਾਨ ਹਨ। ਅਸਲ ਵਿਚ ਸਰਕਾਰ ਨੇ ਪਿਛਲੇ ਹਫਤੇ ਤੋਂ ਟੀਕਿਅਾਂ ਦੀ ਬਰਾਮਦ ਵੀ ਰੋਕ ਦਿੱਤੀ ਹੈ।

 


Tanu

Content Editor

Related News