ਜਾਧਵ ''ਤੇ ਬਿਆਨਬਾਜ਼ੀ ਕਰ ਬੁਰੇ ਫਸੇ ਨਰੇਸ਼ ਅਗਰਵਾਲ
Wednesday, Dec 27, 2017 - 06:49 PM (IST)

ਨਵੀਂ ਦਿੱਲੀ— ਪਾਕਿਸਤਾਨ ਦੀ ਜੇਲ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਆਗੂ ਨਰੇਸ਼ ਅਗਰਵਾਲ ਨੇ ਵਿਵਾਦਿਤ ਬਿਆਨ ਦਿੱਤਾ ਹੈ। ਨਰੇਸ਼ ਅਗਰਵਾਲ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਜਾਧਵ ਨੂੰ ਇਕ ਅੱਤਵਾਦੀ ਮੰਨਦੀ ਹੈ, ਇਸ ਲਈ ਉਸ ਦੇ ਨਾਲ ਅੱਤਵਾਦੀ ਅਜਿਹਾ ਵਿਵਹਾਰ ਕਰ ਰਹੀ ਹੈ।
ਨਰੇਸ਼ ਅਗਰਵਾਲ ਦੇ ਇਸ ਬਿਆਨ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਸਖ਼ਤ ਪ੍ਰਤੀਕਿਰਿਆ ਜਤਾਈ ਹੈ। ਉਨ੍ਹਾਂ ਨੇ ਨਰੇਸ਼ ਅਗਰਵਾਲ ਦੀ ਟਿੱਪਣੀ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਗਿਰੀਰਾਜ ਨੇ ਇਥੇ ਸੰਸਦ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਜਾਧਵ ਦਾ ਮਾਮਲਾ ਇਕ ਰਾਸ਼ਟਰੀ ਸਨਮਾਨ ਦਾ ਵਿਸ਼ਾ ਹੈ। ਨੀਤੀਗਤ ਮਸਲਿਆਂ 'ਤੇ ਵਿਵਾਦ ਅਤੇ ਟਿੱਪਣੀ ਤਾਂ ਚੱਲਦੀ ਹੈ ਪਰ ਰਾਸ਼ਟਰੀ ਸਨਮਾਨ ਨਾਲ ਜੁੜੇ ਵਿਸ਼ੇ 'ਤੇ ਇਹ ਰਾਜਨੀਤਕ ਸ਼ਰਮਨਾਕ ਅਤੇ ਗੈਰ-ਲੋੜੀਂਦੀ ਹੈ। ਕੇਂਦਰੀ ਮੰਤਰੀ ਨੇ ਅਗਰਵਾਲ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ, ਜਿਸ 'ਚ ਉਸ ਨੇ ਜਾਧਵ ਦੀ ਮਾਤਾ ਅਤੇ ਪਤਨੀ ਦੇ ਨਾਲ ਇਸਲਾਮਾਬਾਦ 'ਚ ਹੋਈ ਬਦਸਲੂਕੀ 'ਤੇ ਕਿਹਾ ਹੈ ਕਿ ਉਨ੍ਹਾਂ ਦੇ ਨਾਲ ਅਜਿਹਾ ਵਿਵਹਾਰ ਸੰਭਵ ਤੌਰ 'ਤੇ ਇਸ ਲਈ ਕੀਤਾ ਗਿਆ ਕਿਉਂਕਿ ਪਾਕਿਸਤਾਨ ਸਰਕਾਰ ਜਾਧਵ ਨੂੰ ਇਕ ਅੱਤਵਾਦੀ ਮੰਨਦੀ ਹੈ।
ਅਗਰਵਾਲ ਖਿਲਾਫ ਸਖ਼ਤ ਕਾਰਵਾਈ ਦੀ ਮੰਗ
ਭਾਜਪਾ ਦੇ ਰਾਜਸਭਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਨਰੇਸ਼ ਅਗਰਵਾਲ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੰਸਦੀ ਕਾਰਜ ਮੰਤਰੀ ਨੂੰ ਸਦਨ 'ਚ ਅਗਰਵਾਲ ਖਿਲਾਫ ਪ੍ਰਸਤਾਵ ਲਿਆਉਣਾ ਚਾਹੀਦਾ ਹੈ ਅਤੇ ਇਕ ਕਮੇਟੀ ਬਣਾ ਕੇ ਉਨ੍ਹਾਂ ਦੀ ਮੈਂਬਰਸ਼ਿਪ ਦੀ ਸਮੀਖਿਆ ਕਰਨੀ ਚਾਹੀਦੀ ਹੈ।
ਨਰੇਸ਼ ਅਗਰਵਾਲ ਨੇ ਦਿੱਤੀ ਸਫਾਈ
ਨਰੇਸ਼ ਅਗਰਵਾਲ ਨੇ ਬਾਅਦ 'ਚ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਸ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਅਗਰਵਾਲ ਨੇ ਸਫਾਈ ਦਿੱਤੀ ਕਿ ਮੈਂ ਕਿਹਾ ਸੀ ਕਿ ਸਿਰਫ ਕੁਲਭੂਸ਼ਣ ਨਹੀਂ, ਪਾਕਿਸਤਾਨ ਦੀ ਜੇਲ 'ਚ ਬੰਦ ਬਾਕੀ ਹਿੰਦੂਆਂ ਦਾ ਮੁੱਦਾ ਵੀ ਚੁੱਕਣਾ ਚਾਹੀਦਾ ਹੈ। ਹਾਲਾਂਕਿ ਅਗਰਵਾਲ ਆਪਣੇ ਬਿਆਨ ਤੋਂ ਇਨਕਾਰ ਕਰ ਰਹੇ ਹਨ ਪਰ ਨਿਊਜ਼ ਏਜੰਸੀ ਨੇ ਉਨ੍ਹਾਂ ਦੇ ਬਿਆਨ ਦੀ ਜੋ ਵੀਡੀਓ ਜਾਰੀ ਕੀਤੀ ਹੈ, ਉਸ 'ਚ ਉਹ ਅਜਿਹਾ ਬੋਲਦੇ ਹੋਏ ਨਜ਼ਰ ਆ ਰਹੇ ਹਨ। ਅਗਰਵਾਲ ਨੇ ਕਿਹਾ ਹੈ ਕਿ ਉਹ ਕੱਲ੍ਹ ਰਾਜਸਭਾ 'ਚ ਇਸ 'ਤੇ ਬਿਆਨ ਦੇਣਗੇ।