KSRTC ਦੇ ਕਰਮਚਾਰੀਆਂ ਨੇ ਮੁੱਖ ਮੰਤਰੀ ਰਾਹਤ ਫੰਡ 'ਚ ਦਿੱਤੇ 9.85 ਕਰੋੜ ਰੁਪਏ
Wednesday, May 13, 2020 - 05:27 PM (IST)
ਬੈਂਗਲੁਰੂ (ਵਾਰਤਾ)— ਕਰਨਾਟਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇ. ਐੱਸ. ਆਰ. ਟੀ. ਸੀ.) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੋਰੋਨਾ ਵਾਇਰਸ 'ਕੋਵਿਡ-ਓ19' ਨਾਲ ਲੜਨ ਲਈ ਸੂਬਾ ਸਰਕਾਰ ਦੀ ਮਦਦ ਕਰਨ ਦੇ ਉਦੇਸ਼ ਨਾਲ ਆਪਣੀ ਇਕ ਦਿਨ ਦੀ ਤਨਖਾਹ ਯਾਨੀ ਕਿ 9.85 ਕਰੋੜ ਕਰੋੜ ਰੁਪਏ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਵਿਚ ਦਿੱਤੇ ਹਨ।
ਅਧਿਕਾਰਤ ਸੂਤਰਾਂ ਮੁਤਾਬਕ ਸੂਬੇ ਦੇ ਉੱਪ ਮੁੱਖ ਮੰਤਰੀ ਅਤੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਲਛਮਣ ਸਾਵਦੀ ਨੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਬੁੱਧਵਾਰ ਭਾਵ ਅੱਜ ਉਕਤ ਰਾਸ਼ੀ ਦਾ ਚੈੱਕ ਸੌਂਪਿਆ। ਦੱਸ ਦੇਈਏ ਕਿ ਸੂਬੇ ਦੀਆਂ ਬੱਸਾਂ ਸੇਵਾਵਾਂ ਦਾ ਪਰਿਚਾਲਨ ਕੇ. ਐੱਸ. ਆਰ. ਟੀ. ਸੀ. ਤੋਂ ਇਲਾਵਾ ਬੈਂਗਲੁਰੂ ਮਹਾਨਗਰ ਟਰਾਂਸਪੋਰਟ ਨਿਗਮ (ਬੀ. ਐੱਮ. ਟੀ. ਸੀ.). ਉੱਤਰ-ਪੱਛਮੀ ਕਰਨਾਟਕ ਟਰਾਂਸਪੋਰਟ ਨਿਗਮ ਅਤੇ ਉੱਤਰੀ-ਪੂਰਬੀ ਰੋਡ ਟਰਾਂਸਪੋਰਟ ਨਿਗਮ (ਐੱਨ. ਈ. ਆਰ. ਟੀ. ਸੀ.) ਸੰਚਾਲਤ ਕਰਦੀ ਹੈ।
ਦੱਸਣਯੋਗ ਹੈ ਕਿ ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਹੈ, ਜੋ ਕਿ 17 ਮਈ ਤੱਕ ਲਾਗੂ ਰਹੇਗਾ। ਲਾਕਡਾਊਨ ਨੂੰ ਦੇਖਦਿਆਂ ਮਦਦ ਲਈ ਕਈ ਹੱਥ ਅੱਗੇ ਵੱਧ ਰਹੇ ਹਨ। ਮੁੱਖ ਮੰਤਰੀ ਰਾਹਤ ਫੰਡ, ਪੀ. ਐੱਮ. ਕੇਅਰਸ ਫੰਡ 'ਚ ਹੁਣ ਤੱਕ ਕਈ ਨਾਮੀ ਹਸਤੀਆਂ ਤੋਂ ਇਲਾਵਾ ਆਮ ਲੋਕ ਵੀ ਯੋਗਦਾਨ ਪਾ ਚੁੱਕੇ ਹਨ।