ਪ੍ਰਧਾਨ ਮੰਤਰੀ ਦੇ ਕਹਿਣ ’ਤੇ ਵੀ ਚੋਣ ਤੋਂ ਨਹੀਂ ਹਟੇ ਕ੍ਰਿਪਾਲ, ਜ਼ਮਾਨਤ ਜ਼ਬਤ ਕਰਵਾਈ

Friday, Dec 09, 2022 - 12:20 PM (IST)

ਪ੍ਰਧਾਨ ਮੰਤਰੀ ਦੇ ਕਹਿਣ ’ਤੇ ਵੀ ਚੋਣ ਤੋਂ ਨਹੀਂ ਹਟੇ ਕ੍ਰਿਪਾਲ, ਜ਼ਮਾਨਤ ਜ਼ਬਤ ਕਰਵਾਈ

ਧਰਮਸ਼ਾਲਾ (ਜਿਨੇਸ਼)– ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਰਾਜਪੂਤ ਬਹੁਤਾਤ ਵਾਲੇ ਵਿਧਾਨ ਸਭਾ ਹਲਕੇ ਫਤਿਹਪੁਰ ’ਚ ਇਸ ਵਾਰ ਚੋਣ ਦੰਗਲ ਰੌਚਕ ਰਿਹਾ। ਜੰਗਲਾਤ ਮੰਤਰੀ ਰਾਕੇਸ਼ ਪਠਾਨੀਆ ਦੇ ਸਾਹਮਣੇ ਇੱਥੇ ਭਾਜਪਾ ਦੇ ਪੁਰਾਣੇ ਨੇਤਾਵਾਂ ਨੇ ਹੀ ਚੁਣੌਤੀ ਪੇਸ਼ ਕੀਤੀ, ਜਦਕਿ ਕਾਂਗਰਸ ਨੇ ਆਪਣੇ ਗੜ੍ਹ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ।
ਫਤਿਹਪੁਰ ਸੀਟ ’ਤੇ 8 ਉਮੀਦਵਾਰ ਮੈਦਾਨ ’ਚ ਸਨ। ਇਨ੍ਹਾਂ ’ਚ ਭਾਜਪਾ ਉਮੀਦਵਾਰ ਰਾਕੇਸ਼ ਪਠਾਨੀਆ, ਭਾਜਪਾ ਤੋਂ ਬਾਗੀ ਕ੍ਰਿਪਾਲ ਪਰਮਾਰ, ਕਦੇ ਭਾਜਪਾ ਦੇ ਸੰਸਦ ਮੈਂਬਰ ਰਹੇ ‘ਆਪ’ ਉਮੀਦਵਾਰ ਰਾਜਨ ਸੁਸ਼ਾਂਤ ਅਤੇ ਕਾਂਗਰਸ ਉਮੀਦਵਾਰ ਭਵਾਨੀ ਪਠਾਨੀਆ ਮੁੱਖ ਰੂਪ ’ਚ ਸ਼ਾਮਲ ਹਨ।

ਦਿਲਚਸਪ ਗੱਲ ਇਹ ਹੈ ਕਿ ਰਾਜਨ ਸੁਸ਼ਾਂਤ, ਕ੍ਰਿਪਾਲ ਪਰਮਾਰ ਅਤੇ ਰਾਕੇਸ਼ ਪਠਾਨੀਆ ਬੇਸ਼ੱਕ ਵੱਖ-ਵੱਖ ਚੋਣ ਨਿਸ਼ਾਨਾਂ ਅਤੇ ਪਾਰਟੀਆਂ ਤੋਂ ਚੋਣ ਲੜ ਰਹੇ ਸਨ ਪਰ ਸਾਰਿਆਂ ਦਾ ਪਿਛੋਕੜ ਭਾਜਪਾ ਹੀ ਹੈ।

ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਤਿਹਪੁਰ ਤੋਂ ਭਾਜਪਾ ਦੇ ਬਾਗੀ ਨੇਤਾ ਕ੍ਰਿਪਾਲ ਪਰਮਾਰ ਵਿਚਾਲੇ ਹੋਈ ਕਥਿਤ ਗੱਲਬਾਤ ਦਾ ਆਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਇਆ ਸੀ। ਇਸ ’ਚ ਪੀ. ਐੱਮ. ਨੇ ਕਿਰਪਾਲ ਪਰਮਾਰ ਨੂੰ ਚੋਣਾਂ ਤੋਂ ਹਟਣ ਦੀ ਅਪੀਲ ਕੀਤੀ ਸੀ। ਹਾਲਾਂਕਿ ਪਰਮਾਰ ਮੋਦੀ ਦੀ ਗੱਲ ਨਾ ਮੰਨ ਕੇ ਚੋਣ ਮੈਦਾਨ ’ਚ ਡਟੇ ਰਹੇ। ਨਤੀਜਾ ਸਭ ਦੇ ਸਾਹਮਣੇ ਹੈ।

ਇਸ ਸੀਟ ’ਤੇ ਕਾਂਗਰਸ ਦੇ ਉਮੀਦਵਾਰ ਭਵਾਨੀ ਪਠਾਨੀਆ ਨੇ 33,238 ਵੋਟਾਂ ਹਾਸਲ ਕੀਤੀਆਂ ਹਨ। ਭਾਜਪਾ ਉਮੀਦਵਾਰ ਅਤੇ ਅਹੁਦਾ ਛੱਡ ਰਹੇ ਮੰਤਰੀ ਰਾਕੇਸ਼ ਪਠਾਨੀਆ ਨੂੰ 25,884 ਵੋਟਾਂ ਮਿਲੀਆਂ, ਜਦਕਿ ਸਾਬਕਾ ਸੰਸਦ ਮੈਂਬਰ ਕ੍ਰਿਪਾਲ ਪਰਮਾਰ ਸਿਰਫ਼ 2811 ਵੋਟਾਂ ਹੀ ਹਾਸਲ ਕਰ ਸਕੇ ਅਤੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ।

ਕ੍ਰਿਪਾਲ ਪਰਮਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਫੋਨ ਨਾਮਜ਼ਦਗੀ ਵਾਪਸ ਲੈਣ ਨੂੰ ਲੈ ਕੇ ਆਇਆ ਸੀ, ਉਸ ਵੇਲੇ ਤਕ ਸਮਾਂ ਲੰਘ ਚੁੱਕਾ ਸੀ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਫਤਿਹਪੁਰ ਵਿਧਾਨ ਸਭਾ ਹਲਕੇ ਦੀ ਸੇਵਾ ਕਰ ਚੁੱਕੇ ਹਨ ਅਤੇ ਭਵਿੱਖ ’ਚ ਵੀ ਉਹ ਫਤਿਹਪੁਰ ਵਿਧਾਨ ਸਭਾ ਹਲਕੇ ਦੀ ਸੇਵਾ ਕਰਦੇ ਰਹਿਣਗੇ।


author

Rakesh

Content Editor

Related News