ਕੋਲਕਾਤਾ ’ਚ ਮਿਲੀਆਂ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਦੀਆਂ 5 ਤੋਪਾਂ

12/05/2022 1:57:18 PM

ਕੋਲਕਾਤਾ (ਭਾਸ਼ਾ)– ਸਮੁੰਦਰੀ ਫੌਜ ਨੇ ਕੋਲਕਾਤਾ ਵਿਚ ਹੁਗਲੀ ਨਦੀ ਦੇ ਤੱਟ ’ਤੇ ਪੁਰਾਣੀਅਾਂ ਤੋਪਾਂ ਲੱਭੀਆਂ ਹਨ, ਜੋ ਸੰਭਵ ਹੈ ਕਿ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਦੀਆਂ ਹਨ। ਸਮੁੰਦਰੀ ਫੌਜ ਦੇ ਬੰਗਾਲ ਖੇਤਰ ਹੈੱਡਕੁਆਰਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਲਕਾਤਾ ’ਚ ਨਦੀ ਦੇ ਤੱਟ ’ਤੇ 5 ਤੋਪਾਂ ਮਿਲੀਆਂ ਹਨ। ਬ੍ਰਿਟਿਸ਼ ਕਾਲ ਦੀਆਂ ਇਨ੍ਹਾਂ ਤੋਪਾਂ ’ਚੋਂ 2 ਦਾ ਨਵੀਨੀਕਰਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਾਲੇ, ਸਫੈਦ ਅਤੇ ਲਾਲ ਰੰਗ ਕੀਤੇ ਗਏ ਹਨ। ਇਨ੍ਹਾਂ ਨੂੰ ਇੱਥੇ ਭਾਰਤੀ ਸਮੁੰਦਰੀ ਫੌਜ ਦੇ ਬੰਗਾਲ ਖੇਤਰ ਦੇ ਹੈੱਡਕੁਆਰਟਰ ਆਈ. ਐੱਨ. ਐੱਸ. ਨੇਤਾ ਜੀ ਸੁਭਾਸ਼ ’ਚ ਰੱਖਿਆ ਗਿਆ ਹੈ।

ਕੈਪਟਨ ਜੋਏਦੀਪ ਚੱਕਰਵਰਤੀ ਨੇ ਦੱਸਿਆ ਕਿ ਹੁਗਲੀ ਦੇ ਖੱਬੇ ਤੱਟ ’ਤੇ ਇਕ ਭੂ-ਖੰਡ ਨੂੰ ਸਾਫ ਕਰਨ ਸਮੇਂ ਉਨ੍ਹਾਂ ਨੂੰ ਇਹ ਤੋਪਾਂ ਮਿਲੀਆਂ। ਉਨ੍ਹਾਂ ਕਿਹਾ, “ਇਹ ਤੋਪਾਂ ਸ਼ਾਇਦ ਪਹਿਲੇ ਵਿਸ਼ਵ ਯੁੱਧ ਦੀਆਂ ਹਨ।” ਸਾਲ 2021 ਦੇ ਮੱਧ ’ਚ ਖੋਜੀਆਂ ਗਈਆਂ 5 ’ਚੋਂ 4 ਤੋਪਾਂ ਨੂੰ ਇਸ ਸਾਲ ਉਸ ਭੂ-ਖੰਡ ’ਚੋਂ ਕੱਢਿਆ ਗਿਆ ਸੀ, ਜੋ ਪਹਿਲਾਂ ਨਦੀ ਦੇ ਤਲ ਦਾ ਹਿੱਸਾ ਸੀ। ਕੈਪਟਨ ਚੱਕਰਵਰਤੀ ਨੇ ਕਿਹਾ ਕਿ ਕਿਦਰਪੁਰ ਡੌਕ ਨੇੜੇ ਦਾਈਘਾਟ ਦੀ ਜ਼ਮੀਨ ਪਹਿਲਾਂ ਕੋਲਕਾਤਾ ਬੰਦਰਗਾਹ ਦੀ ਸੀ ਅਤੇ ਉਥੇ ਕੁਝ ਨਿਰਮਾਣ ਕਾਰਜਾਂ ਲਈ ਸਮੁੰਦਰੀ ਫੌਜ ਵੱਲੋਂ ਇਸ ਨੂੰ ਵਾਪਸ ਲੈ ਲਿਆ ਗਿਆ ਸੀ। ਜ਼ਮੀਨ ਨੂੰ ਸਾਫ਼ ਕਰਦੇ ਸਮੇਂ ਮਜ਼ਦੂਰਾਂ ਨੂੰ ਬ੍ਰਿਟਿਸ਼ ਕਾਲ ਦੀ ਇਕ ਤੋਪ ਮਿਲੀ। ਉਨ੍ਹਾਂ ਕਿਹਾ, ‘‘ਜ਼ਮੀਨ ਦੀ ਸਫਾਈ ਦੌਰਾਨ ਇਕ ਤੋਪ ਮਿਲੀ ਅਤੇ ਇਸ ਤੋਂ ਬਾਅਦ 4 ਹੋਰ ਤੋਪਾਂ ਮਿਲੀਆਂ।’’


Rakesh

Content Editor

Related News