ਕੋਲਕਾਤਾ ਮੈਡੀਕਲ ਕਾਲਜ ਦੀ ਵਿਦਿਆਰਥਣ ਦਾ ਦੋਸ਼, ਤ੍ਰਿਮੂਲ ’ਚ ਸ਼ਾਮਲ ਨਾ ਹੋਣ ’ਤੇ ਫੇਲ ਕਰ ਦੇਣ ਦੀ ਮਿਲੀ ਸੀ ਧਮਕੀ
Sunday, Aug 25, 2024 - 12:55 AM (IST)
ਕੋਲਕਾਤਾ- ਆਰ. ਜੀ. ਕਰ ਮੈਡੀਕਲ ਕਾਲਜ ਦੇ ਦੇ ਮੁੱਦੇ ਨੂੰ ਲੈ ਕੇ ਮਮਤਾ ਸਰਕਾਰ ਪਹਿਲਾਂ ਹੀ ਕਟਹਿਰੇ ’ਚ ਹੈ। ਹੁਣ ਕੋਲਕਾਤਾ ਦੇ ਇਕ ਹੋਰ ਮੈਡੀਕਲ ਕਾਲਜ ’ਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਮੂਲ ਕਾਂਗਰਸ (ਟੀ. ਐੱਮ. ਸੀ.) ’ਤੇ ਗੰਭੀਰ ਦੋਸ਼ ਲਾਏ ਗਏ ਹਨ।
ਕੋਲਕਾਤਾ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਕ ਵਿਦਿਆਰਥਣ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਮੂਲ ਕਾਂਗਰਸ ’ਚ ਸ਼ਾਮਲ ਹੋਣ ਲਈ ਦਬਾਅ ਪਾਇਆ ਗਿਆ ਹੈ।
ਵਿਦਿਆਰਥਣ ਨੇ ਆਪਣੇ ਦੋਸ਼ਾਂ ’ਚ 4 ਪ੍ਰੋਫੈਸਰਾਂ ਤੇ ਕਾਲਜ ਦੇ ਡੀਨ ਨੂੰ ਵੀ ਸ਼ਾਮਲ ਕੀਤਾ ਹੈ। ਉਸ ਨੇ ਦੋਸ਼ ਲਾਇਆ ਕਿ ਡੀਨ ਨੇ ਖੁਦ ਚਾਰਾਂ ਪ੍ਰੋਫੈਸਰਾਂ ਦੇ ਅਪਰਾਧਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ’ਤੇ ਮੈਡੀਕਲ ਕਾਲਜ ਦੇ ਡੀਨ ਨੂੰ ਹਟਾ ਦਿੱਤਾ ਗਿਆ ਹੈ।
ਵਿਦਿਆਰਥਣ ਦਾ ਦਾਅਵਾ ਹੈ ਕਿ ਜੇ ਉਸ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਉਸ ਨੂੰ ਹੋਸਟਲ ਦਾ ਕਮਰਾ ਨਹੀਂ ਦਿੱਤਾ ਜਾਣਾ ਸੀ। ਇਹ ਸਮੱਸਿਆ ਪਿਛਲੇ ਜੂਨ ਮਹੀਨੇ ’ਚ ਸ਼ੁਰੂ ਹੋਈ ਸੀ। ਕਾਲਜ ਦੇ ਚਾਰ ਪ੍ਰੋਫੈਸਰਾਂ ਨੇ ਉਕਤ ਵਿਦਿਆਰਥਣ ਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਹ ਉਸ ਨੂੰ ਪ੍ਰੀਖਿਆ ’ਚ ਫੇਲ ਕਰ ਦੇਣਗੇ।