PM ਮੋਦੀ ਨੇ KMP ਐਕਸਪ੍ਰੈੈੱਸ ਵੇਅ ਦਾ ਕੀਤਾ ਉਦਘਾਟਨ, ਦਿੱਲੀ ਤੋਂ ਘਟੇਗਾ ਗੱਡੀਆਂ ਦਾ ਬੋਝ
Monday, Nov 19, 2018 - 01:54 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੰਡਲੀ-ਮਾਨੇਸਰ-ਪਲਨਵ (ਕੇ. ਐੱਮ. ਪੀ.) ਐਕਸਪ੍ਰੈੱਸ ਵੇਅ ਦਾ ਉਦਘਾਟਨ ਕੀਤਾ। ਇਸ ਐਕਸਪ੍ਰੈੱਸ ਵੇਅ ਦਾ ਉਦਘਾਟਨ ਦੇ ਨਾਲ ਹੀ ਹੁਣ ਦਿੱਲੀ ਨੂੰ ਬਾਹਰ ਤੋਂ ਆਉਣ ਵਾਲੇ ਵਾਹਨਾਂ ਤੋਂ ਰਾਹਤ ਮਿਲੇਗੀ। ਇਹ ਰੂਟ ਖੁੱਲ੍ਹਣ ਤੋਂ ਬਾਅਦ ਦਿੱਲੀ ਵਿਚ ਪ੍ਰਦੂਸ਼ਣ ਘੱਟ ਹੋਣ ਦੀ ਸੰਭਾਵਨਾ ਹੈ, ਕਿਉਂਕਿ ਰਾਸ਼ਟਰੀ ਰਾਜਧਾਨੀ ਵਿਚ ਦਾਖਲ ਹੋਣ ਵਾਲੇ ਟਰੱਕਾਂ ਨੂੰ ਇਕ ਬਾਈਪਾਸ ਦਾ ਰਸਤਾ ਮਿਲ ਜਾਵੇਗਾ। ਇਸ ਐਕਸਪ੍ਰੈੱਸ ਵੇਅ ਦਾ 53 ਕਿਲੋਮੀਟਰ ਹਿੱਸਾ ਪਹਿਲਾਂ ਤੋਂ ਹੀ ਚਾਲੂ ਹੈ ਪਰ ਸੋਮਵਾਰ ਨੂੰ ਪੂਰੀ ਸੜਕ ਦਾ ਉਦਘਾਟਨ ਹੋਣ ਤੋਂ ਬਾਅਦ ਕੁੱਲ 136 ਕਿਲੋਮੀਟਰ ਲੰਬੇ ਰੂਟ 'ਤੇ ਆਵਾਜਾਈ ਸ਼ੁਰੂ ਹੋ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਐਕਸਪ੍ਰੈੱਸ ਵੇਅ ਤੋਂ ਇਲਾਵਾ ਇੱਥੋਂ ਹੀ ਵੱਲਭਗੜ੍ਹ-ਮੁਜੇਸਰ ਮੈਟਰੋ ਰੇਲ ਲਿੰਕ ਦਾ ਉਦਘਾਟਨ ਕੀਤਾ।
ਇੱਥੇ ਦੱਸ ਦੇਈਏ ਕਿ ਕੇ. ਐੱਮ. ਪੀ. ਐਕਸਪ੍ਰੈੱਸ ਵੇਅ ਨੂੰ ਵੈਸਟਰਨ ਪੈਰੀਫੇਰਲ ਐਕਸਪ੍ਰੈੱਸ ਵੇਅ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦਿੱਲੀ ਵਿਚ ਵੱਡੀਆਂ ਗੱਡੀਆਂ ਕਾਰਨ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਤਰਨਾਕ ਪੱਧਰ 'ਤੇ ਪਹੁੰਚ ਜਾਂਦਾ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਸਮੇਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵੀ ਕਈ ਹਿਦਾਇਤਾਂ ਜਾਰੀ ਕਰ ਚੁੱਕਾ ਹੈ। ਇਹ ਐਕਸਪ੍ਰੈੱਸ ਵੇਅ ਚਾਲੂ ਹੋਣ ਤੋਂ ਬਾਅਦ ਦਿੱਲੀ ਵਿਚ ਪ੍ਰਦੂਸ਼ਣ ਪੱਧਰ ਹੇਠਾਂ ਜਾਣ ਦੀ ਸੰਭਾਵਨਾ ਹੈ, ਕਿਉਂਕਿ 50 ਹਜ਼ਾਰ ਤੋਂ ਵਧ ਵੱਡੀਆਂ ਗੱਡੀਆਂ ਨੂੰ ਦਿੱਲੀ ਪਾਰ ਕਰ ਕੇ ਗੁਆਂਢੀ ਸੂਬਿਆਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ। ਇਹ ਐਕਸਪ੍ਰੈੱਸ ਦਿੱਲੀ ਹੋ ਕੇ ਯੂ. ਪੀ. ਅਤੇ ਰਾਜਸਥਾਨ ਜਾਣ ਵਾਲੀਆਂ ਗੱਡੀਆਂ ਨੂੰ ਇਕ ਬਾਈਪਾਸ ਰੂਟ ਦੇਵੇਗਾ, ਖਾਸ ਕਰ ਕੇ ਵੱਡੀਆਂ ਗੱਡੀਆਂ ਨੂੰ ਵੱਧ ਰਾਹਤ ਮਿਲੇਗੀ, ਕਿਉਂਕਿ ਦਿੱਲੀ ਵਿਚ ਉਨ੍ਹਾਂ ਨੂੰ ਟ੍ਰੈੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ।