ਖਾਟੂਸ਼ਿਆਮ ਮੰਦਰ ਹਾਦਸਾ: ਹੁਣ ਮੰਦਰ ’ਚ ਨਹੀਂ ਹੋਣਗੇ VIP ਦਰਸ਼ਨ
Wednesday, Aug 10, 2022 - 11:26 AM (IST)
ਨੈਸ਼ਨਲ ਡੈਸਕ- ਬੀਤੇ ਦਿਨੀਂ ਰਾਜਸਥਾਨ ਦੇ ਸੀਕਰ ਜ਼ਿਲ੍ਹੇ ’ਚ ਸਥਿਤ ਖਾਟੂ ਸ਼ਿਆਮ ਮੰਦਰ ’ਚ ਮਦੀ ਭਾਜੜ ਕਾਰਨ 3 ਔਰਤਾਂ ਦੀ ਹੋਈ ਮੌਤ ਨੂੰ ਲੈ ਕੇ ਮੰਦਰ ਪ੍ਰਬੰਧਨ ਅਤੇ ਸਰਕਾਰ ਦੋਹਾਂ ਨੇ VIP ਦਰਸ਼ਨ ਕਲਚਰ ਨੂੰ ਬੰਦ ਕਰਨ ਨਾਲ ਹੀ ਸ਼ਰਧਾਲੂਆਂ ਦੀ ਭੀੜ ਵੱਧਣ ’ਤੇ 24 ਘੰਟੇ ਮੰਦਰ ਦੇ ਦੁਆਰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਘਟਨਾ ਨੂੰ ਲੈ ਕੇ ਦੰਤਾਰਾਮਗੜ੍ਹ ਤਹਿਸੀਲਦਾਰ ਵਿਪੁਲ ਚੌਧਰੀ, ਸੁਰੇਂਦਰ ਸਿੰਘ, ਥਾਣਾ ਮੁਖੀ ਸੁਭਾਸ਼ ਚੰਦ ਯਾਦਵ ਅਤੇ ਈ. ਓ. ਵਿਸ਼ਾਲ ਯਾਦਵ ਦੀ ਟੀਮ ਨੇ ਸ਼ਰਧਾਲੂਆਂ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਲੋਕ ਦਰਸ਼ਨਾਂ ਲਈ ਉਡੀਕ ਕਰਨ ਤਾਂ ਜੋ ਮੁੜ ਅਜਿਹੀ ਘਟਨਾ ਨਾ ਵਾਪਰੇ।
ਮੰਦਰ ਕਮੇਟੀ ਦੇ ਅਧਿਕਾਰੀਆਂ ਖ਼ਿਲਾਫ਼ ਐਫ.ਆਈ.ਆਰ
ਖਾਟੂ ਸ਼ਿਆਮ ਮੰਦਰ 'ਚ ਮਚੀ ਭਾਜੜ ਦੀ ਘਟਨਾ ਦੇ ਸਬੰਧ 'ਚ ਮੰਦਰ ਕਮੇਟੀ ਦੇ ਅਧਿਕਾਰੀਆਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਮੰਦਰ 'ਚ ਮਚੀ ਭਾਜੜ 'ਚ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਸਥਾਨਕ ਨਾਗਰਿਕ ਰਾਮਦੇਵ ਸਿੰਘ ਖੋਖਰ ਨੇ ਸੋਮਵਾਰ ਨੂੰ ਥਾਣਾ ਖਾਟੂ ਸ਼ਿਆਮ ਜੀ ਵਿਖੇ ਮੰਦਰ ਕਮੇਟੀ ਦੇ ਪ੍ਰਧਾਨ ਸ਼ੰਭੂ ਸਿੰਘ ਚੌਹਾਨ, ਸਕੱਤਰ ਸ਼ਿਆਮ ਸਿੰਘ ਚੌਹਾਨ, ਖਜ਼ਾਨਚੀ ਕਾਲੂ ਸਿੰਘ ਅਤੇ ਪ੍ਰਤਾਪ ਸਿੰਘ ਚੌਹਾਨ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 304 ਏ (ਕਿਸੇ ਦੀ ਅਣਗਹਿਲੀ ਕਾਰਨ ਦੂਜੇ ਦੀ ਮੌਤ) ਤਹਿਤ ਐਫ.ਆਈ.ਆਰ. ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਘਟਨਾ ਲਈ ਮੁਲਜ਼ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਬਿਨਾਂ ਸੁਰੱਖਿਆ ਯਕੀਨੀ ਬਣਾਏ ਰਾਤ ਸਮੇਂ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ ਅਤੇ ਸੋਮਵਾਰ ਸਵੇਰੇ ਮਾੜੇ ਪ੍ਰਬੰਧਾਂ ਕਾਰਨ ਭਾਜੜ ਮਚ ਗਈ।