ਖੜਗੇ ਨੇ ਜੀ-23 ਗਰੁੱਪ ਦੇ ਆਗੂਆਂ ਨੂੰ ਜੋੜਿਆ
Thursday, Apr 06, 2023 - 10:59 AM (IST)

ਨਵੀਂ ਦਿੱਲੀ- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਾਂਗਰਸ ਪਾਰਟੀ ਵਿਚਲੇ ਮਤਭੇਦਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ । ਉਹ ਚਾਹੁੰਦੇ ਹਨ ਕਿ ਸਾਰੇ ਨੇਤਾ ਇਕਮੱੁਠ ਹੋਣ। ਇਸ ਰਣਨੀਤੀ ਤਹਿਤ ਜੀ-23 ਗਰੁੱਪ ਦੇ ਕਈ ਆਗੂਆਂ ਨੂੰ ਪਾਰਟੀ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਖੜਗੇ ਦੀ ਸ਼ਸ਼ੀ ਥਰੂਰ ਨਾਲ ਪਹਿਲਾਂ ਹੀ ਚੰਗੀ ਸਾਂਝ ਹੈ ਅਤੇ ਉਨ੍ਹਾਂ ਨੂੰ ਸਟੀਅਰਿੰਗ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ, ਉੱਥੇ ਹੋਰਨਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।
ਜੀ-23 ਦੇ ਨੇਤਾ ਜੋ ਜਥੇਬੰਦਕ ਸੁਧਾਰਾਂ ਅਤੇ ਪਾਰਟੀ ਦੇ ਫੁੱਲ-ਟਾਈਮ ਪ੍ਰਧਾਨ ਲਈ ਦਬਾਅ ਪਾ ਰਹੇ ਸਨ, ਨੂੰ ਹੁਣ ਬਾਗੀ ਵਜੋਂ ਨਹੀਂ ਦੇਖਿਆ ਜਾ ਰਿਹਾ। ਜੀ-23 ਗਰੁੱਪ ਦੇ 3 ਮੁੱਖ ਆਗੂ ਮਨੀਸ਼ ਤਿਵਾੜੀ, ਪ੍ਰਿਥਵੀ ਰਾਜ ਚਵਾਨ ਅਤੇ ਆਨੰਦ ਸ਼ਰਮਾ ‘ਲੋਕਤੰਤਰ ਬਚਾਓ’ ਮੁਹਿੰਮ ਦੀ ਲੜੀ ਨੂੰ ਸੰਬੋਧਨ ਕਰਨ ਵਾਲੇ ਤਿੰਨ ਦਰਜਨ ਨੇਤਾਵਾਂ ਦੀ ਖੜਗੇ ਦੀ ਟੀਮ ਦਾ ਹਿੱਸਾ ਸਨ ।
ਪਤਾ ਲੱਗਾ ਹੈ ਕਿ ਖੜਗੇ ਨੇ ਇਸ ਰਣਨੀਤੀ ਨੂੰ ਬਣਾਉਣ ਤੋਂ ਪਹਿਲਾਂ ਗਾਂਧੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਨਾਲ ਸਲਾਹ ਕੀਤੀ ਸੀ। ਖੜਗੇ ਕਰਨਾਟਕ ਦੇ ਵੋਟਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਪਾਰਟੀ ਅੰਦਰ ਏਕਤਾ ਲਿਆਉਣਗੇ। ਉਹ ਕਰਨਾਟਕ ਕਾਂਗਰਸ ਵਿੱਚ ਏਕਤਾ ਅਤੇ ਚੋਣਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਵੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਖੜਗੇ ਖੁਦ ਕਰਨਾਟਕ ਨਾਲ ਸਬੰਧਤ ਹਨ ਅਤੇ ਇਹ ਚੋਣਾਂ ਕਾਂਗਰਸ ਪਾਰਟੀ ਲਈ ਅਹਿਮ ਹਨ।
ਖੜਗੇ ਨੇ ‘ਡੈਮੋਕਰੇਸੀ ਡਿਸਕੁਆਲੀਫਾਈਡ’ ਮੁਹਿੰਮ ਦੇ ਹਿੱਸੇ ਵਜੋਂ 35 ਸ਼ਹਿਰਾਂ ਦੀ ਪਛਾਣ ਕੀਤੀ ਸੀ ਅਤੇ ਉੱਥੇ ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕਰਨ ਲਈ 35 ਨੇਤਾਵਾਂ ਦੀ ਚੋਣ ਕੀਤੀ ਸੀ। ਮਨੀਸ਼ ਤਿਵਾੜੀ ਤਿਰੂਵਨੰਤਪੁਰਮ, ਪ੍ਰਿਥਵੀ ਰਾਜ ਚਵਾਨ ਭੋਪਾਲ ਅਤੇ ਆਨੰਦ ਸ਼ਰਮਾ ਬੇਂਗਲੁਰੂ ਵਿੱਚ ਤਾਇਨਾਤ ਸਨ।
ਮਨੀਸ਼ ਤਿਵਾੜੀ ਦੀਆਂ ਸੇਵਾਵਾਂ ਪਾਰਟੀ ਦੇ ਬੁਲਾਰੇ ਵਜੋਂ ਲਏ ਜਾਣ ਦੀ ਪੂਰੀ ਸੰਭਾਵਨਾ ਹੈ। ਭਾਵੇਂ ਪਾਰਟੀ ਦੇ ਬੁਲਾਰਿਆਂ ਦੀ ਸੂਚੀ ਵਿਚ ਉਨ੍ਹਾਂ ਦਾ ਨਾਂ ਹਮੇਸ਼ਾ ਹੀ ਰਹਿੰਦਾ ਸੀ ਪਰ ਸੰਚਾਰ ਵਿਭਾਗ ਨੇ ਉਨ੍ਹਾਂ ਨੂੰ ਪਾਰਟੀ ਦੀ ਅਧਿਕਾਰਤ ਪ੍ਰੈਸ ਕਾਨਫਰੰਸ ਲਈ ਮੈਦਾਨ ਵਿਚ ਉਤਾਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਭੁਪਿੰਦਰ ਸਿੰਘ ਹੁੱਡਾ (ਹਰਿਆਣਾ) ਅਤੇ ਮੁਕੁਲ ਵਾਸਨਿਕ (ਮਹਾਰਾਸ਼ਟਰ) ਨੂੰ ਪਾਰਟੀ ਵਿੱਚ ਅਹਿਮ ਅਹੁਦੇ ਦਿੱਤੇ ਗਏ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਹਾਈ ਕਮਾਂਡ ਨਹੀਂ ਚਾਹੁੰਦੀ ਕਿ ਅਸੰਤੋਸ਼ ਵਧੇ।