ਹਰਿਆਣਾ ਦੀਆਂ ਖਾਪ ਪੰਚਾਇਤਾਂ ਨਸ਼ੇ ਖ਼ਿਲਾਫ਼ ਚਲਾ ਰਹੀਆਂ ਹਨ ਜਾਗਰੂਕਤਾ ਮੁਹਿੰਮ

07/09/2023 4:08:28 PM

ਹਰਿਆਣਾ (ਭਾਸ਼ਾ)- ਹਰਿਆਣਾ 'ਚ ਕਈ ਖਾਪ ਪੰਚਾਇਤ ਨਸ਼ੀਲੇ ਪਦਾਰਥਾਂ ਦੇ ਗਲਤ ਪ੍ਰਭਾਵਾਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ ਅਤੇ ਪੇਂਡੂ ਇਲਾਕਿਆਂ 'ਚ ਲੋਕਾਂ ਨੂੰ ਵਾਤਾਵਰਣ ਸੁਰੱਖਿਆ ਬਾਰੇ ਵੀ ਜਾਗਰੂਕ ਕਰ ਰਹੀਆਂ ਹਨ। ਇਕ ਪ੍ਰਮੁੱਖ ਖਾਪ ਨੇਤਾ ਨੇ ਕਿਹਾ ਕਿ ਕਈ ਖਾਪ ਪੰਚਾਇਤਾਂ ਨਸ਼ੀਲੇ ਪਦਾਰਥਾਂ ਖ਼ਿਲਾਫ਼ ਮੁਹਿੰਮ 'ਚ ਸ਼ਾਮਲ ਹਨ, ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਸਮੱਸਿਆ ਗੁਆਂਢੀ ਰਾਜ ਪੰਜਾਬ ਦੀ ਤਰ੍ਹਾਂ ਹਰਿਆਣਾ 'ਚ ਵੀ ਫੈਲ ਸਕਦੀ ਹੈ। 'ਸਰਵ ਜਾਤੀ ਕੰਡੋਲਾ ਖਾਪ' ਦੇ ਪ੍ਰਧਾਨ ਟੇਕਰਾਮ ਕੰਡੇਲਾ ਨੇ ਕਿਹਾ,''ਸਾਡੀ ਖਾਪ ਅਤੇ ਰੋਹਤਕ, ਸੋਨੀਪਤ, ਜੀਂਦ, ਹਿਸਾਰ ਅਤੇ ਹੋਰ ਥਾਂਵਾਂ 'ਤੇ ਕਈ ਹੋਰ ਖਾਪ ਪੰਚਾਇਤਾਂ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਖ਼ਿਲਾਫ਼ ਮੁਹਿੰਮ ਚਲਾ ਰਹੀਆਂ ਹਨ। ਅਸੀਂ ਸਾਰੇ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਗਲਤ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹਾਂ ਅਤੇ ਨਸ਼ੇ ਦੀ ਆਦਤ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ।'' ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਹ ਪਿੰਡਾਂ 'ਚ ਪੰਚਾਇਤਾਂ ਆਯੋਜਿਤ ਕਰਦੇ ਹਨ ਤਾਂ ਲੋਕਾਂ ਨੂੰ ਵਾਤਾਵਰਣ ਨਾਲ ਸੰਬੰਧਤ ਮੁੱਦਿਆਂ 'ਤੇ ਵੀ ਜਾਗਰੂਕ ਕਰਦੇ ਹਨ।

ਕੰਡੇਲਾ ਨੇ ਕਿਹਾ,''ਅਸੀਂ ਜੈਵਿਕ ਖੇਤੀ ਨੂੰ ਵੀ ਉਤਸ਼ਾਹ ਦਿੰਦੇ ਹਨ।'' ਪਿਛਲੇ ਮਹੀਨੇ ਕੌਮਾਂਤਰੀ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਮਨੁੱਖੀ ਤਸਕਰੀ ਰੋਕੂ ਦਿਵਸ 'ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਚਕੂਲਾ 'ਚ ਇਕ ਪ੍ਰੋਗਰਾਮ 'ਚ 'ਨਸ਼ਾ ਮੁਕਤ ਹਰਿਆਣਾ' ਮੁਹਿੰਮ ਸ਼ੁਰੂ ਕੀਤੀ ਸੀ। ਖੱਟੜ ਨੇ ਕਿਹਾ ਸੀ ਕਿ ਮੁਹਿੰਮ ਦੇ ਅਧੀਨ ਇਕ ਨਵੀਂ ਕਾਰਜ ਫ਼ੋਰਸ ਗਠਿਤ ਕੀਤੀ ਜਾਵੇਗੀ। ਸਮਾਨ ਨਾਗਰਿਕ ਕੋਡ (ਯੂ.ਸੀ.ਸੀ.) ਬਾਰੇ ਪੁੱਛੇ ਜਾਣ 'ਤੇ ਕੰਡੇਲਾ ਨੇ ਕਿਹਾ,''ਸਾਡੀ ਖਾਪ ਨੇ ਯੂ.ਸੀ.ਸੀ, 'ਤੇ ਹੁਣ ਤੱਕ ਕੋਈ ਰੁਖ ਨਹੀਂ ਅਪਣਾਇਆ ਹੈ। ਅਸੀਂ ਬੈਠਕ ਕਰਾਂਗੇ, ਲੋਕਾਂ ਤੋਂ ਵਿਚਾਰ ਲਵਾਂਗੇ ਅਤੇ ਫਿਰ ਇਸ ਬਾਰੇ ਕੋਈ ਫ਼ੈਸਲਾ ਲਵਾਂਗੇ।'' ਸੱਤਾਧਾਰੀ ਭਾਜਪਾ ਯੂ.ਸੀ.ਸੀ. ਦੀ ਜ਼ੋਰਦਾਰ ਵਕਾਲਤ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ 'ਚ ਕਈ ਖਾਪ ਪੰਚਾਇਤਾਂ ਇਕ ਹੀ 'ਗੋਤ' ਦੇ 2 ਲੋਕਾਂ ਦਰਮਿਆਨ ਵਿਆਹ 'ਤੇ ਪਾਬੰਦੀ ਲਗਾਉਣ 'ਤੇ ਜ਼ੋਰ ਦੇ ਰਹੀ ਹੈ। ਕੰਡੇਲਾ ਨੇ ਕਿਹਾ ਕਿ ਉਹ ਅਜਿਹੇ ਵਿਆਹਾਂ 'ਤੇ ਪਾਬੰਦੀ ਲਗਾਉਣ ਲਈ ਹਿੰਦੂ ਵਿਆਹ ਐਕਟ 'ਚ ਸੋਧ ਦੀ ਮੰਗ ਕਰ ਰਹੇ ਹਨ।


DIsha

Content Editor

Related News