12 ਤੋਂ 24 ਘੰਟੇ ਦੀ ਦੇਰੀ ਨਾਲ ਪਹੁੰਚ ਰਹੀਆਂ ਟਰੇਨਾਂ, ਭਿਆਨਕ ਗਰਮੀ ਕਾਰਨ ਵੱਧ ਰਹੀਆਂ ਯਾਤਰੀਆਂ ਦੀਆਂ ਦਿੱਕਤਾਂ

05/10/2024 4:09:16 AM

ਜਲੰਧਰ (ਪੁਨੀਤ)– ਸ਼ਤਾਬਦੀ ਵਰਗੀਆਂ ਟਰੇਨਾਂ ਡਾਇਵਰਟ ਰੂਟ ਤੋਂ ਜਲੰਧਰ ਪਹੁੰਚਣ ’ਚ 5 ਘੰਟੇ ਤਕ ਦਾ ਵਾਧੂ ਸਮਾਂ ਲੈ ਰਹੀਆਂ ਹਨ। ਉਥੇ ਹੀ ਗਰੀਬ ਰੱਥ, ਆਮਰਪਾਲੀ ਤੇ ਸੱਚਖੰਡ ਐਕਸਪ੍ਰੈੱਸ ਵਰਗੀਆਂ ਕਈ ਗੱਡੀਆਂ 12 ਤੋਂ 24 ਘੰਟੇ ਦੀ ਦੇਰੀ ਨਾਲ ਸਿਟੀ ਸਟੇਸ਼ਨ ’ਤੇ ਪਹੁੰਚਦੀਆਂ ਦੇਖੀਆਂ ਜਾ ਰਹੀਆਂ ਹਨ। ਟਰੇਨਾਂ ਦੀ ਲੇਟ-ਲਤੀਫ਼ੀ ਕਾਰਨ ਯਾਤਰੀਆਂ ਦੀਆਂ ਦਿੱਕਤਾਂ ’ਚ ਵਾਧਾ ਹੋ ਰਿਹਾ ਹੈ ਤੇ ਸਟੇਸ਼ਨਾਂ ’ਤੇ ਲੰਮੀ ਉਡੀਕ ਕਰਦਿਆਂ ਯਾਤਰੀਆਂ ਦੇ ਪਸੀਨੇ ਛੁੱਟ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਕੈਨੇਡਾ’ਸ ਗੌਟ ਟੈਲੇਂਟ’ ’ਚ ਇਸ਼ਾਨ ਸੋਬਤੀ ਨੇ ਵਧਾਇਆ ਪੰਜਾਬ ਦਾ ਮਾਣ, ਫਾਈਨਲ ’ਚ ਪਹੁੰਚ ਕਰਵਾਈ ਬੱਲੇ-ਬੱਲੇ

ਗਰਮੀ ਕਾਰਨ ਲੋਕ ਘਰਾਂ ’ਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ ਪਰ ਟਰੇਨਾਂ ਦੇ ਸਫ਼ਰ ਲਈ ਜਾਣ ਵਾਲਿਆਂ ਨੂੰ ਲੇਟ-ਲਤੀਫ਼ੀ ਲਈ ਤਿਆਰ ਹੋ ਕੇ ਘਰੋਂ ਨਿਕਲਣਾ ਪੈ ਰਿਹਾ ਹੈ। ਕਿਸਾਨਾਂ ਵਲੋਂ ਸ਼ੰਭੂ ਬਾਰਡਰ ’ਤੇ ਿਦੱਤੇ ਜਾ ਰਹੇ ਧਰਨੇ ਕਾਰਨ ਅੰਬਾਲਾ ਤੋਂ ਬਾਅਦ ਦਾ ਰੇਲਵੇ ਟਰੈਕ ਬੰਦ ਪਿਆ ਹੈ, ਜਿਸ ਕਾਰਨ ਟਰੇਨਾਂ ਨੂੰ ਦੂਜੇ ਰਸਤਿਓਂ ਭੇਜਿਆ ਜਾ ਰਿਹਾ ਹੈ। ਅੰਬਾਲਾ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਅੰਬਾਲਾ ਕੈਂਟ ਤੋਂ ਚੰਡੀਗੜ੍ਹ, ਨਿਊ ਮੋਰਿੰਡਾ, ਸਰਹਿੰਦ ਤੇ ਸਾਹਨੇਵਾਲ ਰਸਤਿਓਂ ਜਲੰਧਰ ਭੇਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਨਾਲ ਜਾਣ ਵਾਲੀਆਂ ਦੂਜੀਆਂ ਟਰੇਨਾਂ ਨੂੰ ਸਾਹਨੇਵਾਲ, ਚੰਡੀਗੜ੍ਹ ਤੇ ਅੰਬਾਲਾ ਕੈਂਟ ਭੇਜਿਆ ਜਾ ਿਰਹਾ ਹੈ। ਇਸ ਤੋਂ ਇਲਾਵਾ ਜਾਖਲ, ਧੂਰੀ ਤੇ ਲੁਧਿਆਣਾ ਵਾਲਾ ਰੂਟ ਵਰਤਿਆ ਜਾ ਰਿਹਾ ਹੈ।

ਦੇਰੀ ਨਾਲ ਆ ਰਹੀਆਂ ਟਰੇਨਾਂ ਦੇ ਕ੍ਰਮ ’ਚ 12031 ਸਵਰਨ ਸ਼ਤਾਬਦੀ 5.15 ਘੰਟੇ ਲੇਟ ਜਲੰਧਰ ਪੁੱਜੀ, ਜਿਸ ਕਾਰਨ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਲੰਮੇ ਸਮੇਂ ਤਕ ਸਟੇਸ਼ਨ ’ਤੇ ਉਡੀਕ ਕਰਨੀ ਪਈ। ਇਸੇ ਤਰ੍ਹਾਂ ਨਾਲ ਅੰਮ੍ਰਿਤਸਰ-ਨਵੀਂ ਦਿੱਲੀ ਜਾਣ ਵਾਲੀ ਐਕਸਪ੍ਰੈੱਸ ਗੱਡੀ ਨੰਬਰ 12421 ਲੱਗਭਗ 3-4 ਘੰਟੇ ਲੇਟ ਰਹੀ। 15707 ਆਮਰਪਾਲੀ ਐਕਸਪ੍ਰੈੱਸ ਤੇ 22487 ਵੰਦੇ ਭਾਰਤ ਐਕਸਪ੍ਰੈੱਸ ਵਰਗੀਆਂ ਮਹੱਤਵਪੂਰਨ ਗੱਡੀਆਂ ਲਈ ਯਾਤਰੀਆਂ ਨੂੰ 3 ਘੰਟੇ ਤਕ ਉਡੀਕ ਕਰਨੀ ਪਈ। ਇਸੇ ਲੜੀ ’ਚ ਅੱਜ ਵੀ 150 ਤੋਂ ਵੱਧ ਟਰੇਨਾਂ ਪ੍ਰਭਾਵਿਤ ਰਹੀਆਂ। ਉਕਤ ਪੂਰਾ ਘਟਨਾਕ੍ਰਮ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ।

PunjabKesari

ਸਟੇਸ਼ਨ ਦੇ ਅੰਦਰ-ਬਾਹਰ ਦਿਸ ਰਹੇ ਯਾਤਰੀ
ਟਰੇਨਾਂ ਦੇ ਇੰਤਜ਼ਾਰ ’ਚ ਥਾਂ-ਥਾਂ ਯਾਤਰੀਆਂ ਨੂੰ ਪ੍ਰੇਸ਼ਾਨ ਹੁੰਦੇ ਦੇਖਿਆ ਜਾ ਸਕਦਾ ਹੈ। ਇਸੇ ਕ੍ਰਮ ’ਚ ਸਟੇਸ਼ਨ ਦੇ ਅੰਦਰ ਪਲੇਟਫਾਰਮ ’ਤੇ ਯਾਤਰੀ ਜ਼ਮੀਨ ’ਤੇ ਲੇਟੇ ਤੇ ਬੈਠੇ ਦਿਸ ਜਾਂਦੇ ਹਨ। ਇਸੇ ਤਰ੍ਹਾਂ ਨਾਲ ਸਟੇਸ਼ਨ ਦੇ ਬਾਹਰ ਪਾਰਕ ’ਚ ਯਾਤਰੀਆਂ ਨੂੰ ਆਰਾਮ ਕਰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਟੇਸ਼ਨ ਦੀਆਂ ਪੌੜੀਆਂ ਤੇ ਇਧਰ-ਉਧਰ ਹਰ ਜਗ੍ਹਾ ਲੋਕਾਂ ਨੂੰ ਭਟਕਦੇ ਦੇਖਿਆ ਜਾ ਸਕਦਾ ਹੈ। ਯਾਤਰੀਆਂ ਦੀ ਰੇਲਵੇ ਤੋਂ ਮੰਗ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੱਢਿਆ ਜਾਵੇ।

ਉਡੀਕ ਤੋਂ ਬਾਅਦ ਘਰਾਂ ਨੂੰ ਵਾਪਸ ਮੁੜ ਰਹੇ ਕਈ ਯਾਤਰੀ
ਉਥੇ ਹੀ ਕਈ ਯਾਤਰੀਆਂ ਨੂੰ ਪ੍ਰੇਸ਼ਾਨੀ ’ਚ ਘਰ ਵਾਪਸ ਮੁੜਦੇ ਦੇਖਿਆ ਗਿਆ। ਜਿਹੜੇ ਲੋਕ ਆਪਣਾ ਪ੍ਰੋਗਰਾਮ ਰੱਦ ਕਰ ਸਕਦੇ ਹਨ, ਉਹ ਟਰੇਨਾਂ ਦੀ ਇੰਨੀ ਲੰਮੀ ਉਡੀਕ ਕਰਨ ਤੋਂ ਗੁਰੇਜ਼ ਕਰਦੇ ਹਨ। ਮੋਬਾਇਲ ਆਦਿ ਜ਼ਰੀਏ ਜਾਣਕਾਰੀ ਇਕੱਤਰ ਕਰਨ ਵਾਲੇ ਯਾਤਰੀ ਸਮੇਂ ਦੇ ਮੁਤਾਬਕ ਘਰੋਂ ਨਿਕਲਦੇ ਹਨ। ਬਜ਼ੁਰਗ ਲੋਕ ਜਿਹੜੇ ਮੋਬਾਇਲ ਆਦਿ ਜ਼ਰੀਏ ਟਰੇਨਾਂ ਦੀ ਜਾਣਕਾਰੀ ਜੁਟਾਉਣ ’ਚ ਅਸਮਰੱਥ ਹਨ, ਉਨ੍ਹਾਂ ਨੂੰ ਸਟੇਸ਼ਨ ’ਤੇ ਆ ਕੇ ਇਧਰ-ਉਧਰ ਭਟਕਦੇ ਦੇਖਿਆ ਜਾ ਸਕਦਾ ਹੈ।

PunjabKesari

ਲੜਕੀਆਂ ਤੇ ਬੱਚਿਆਂ ਨੂੰ ਇਕੱਲੇ ਭੇਜਣ ਤੋਂ ਡਰ ਰਹੇ ਲੋਕ
ਆਮ ਤੌਰ ’ਤੇ ਦੇਖਣ ਨੂੰ ਮਿਲਦਾ ਹੈ ਕਿ ਲੋਕ 14-15 ਸਾਲ ਦੇ ਬੱਚੇ ਨੂੰ ਟਰੇਨ ’ਚ ਬਿਠਾ ਦਿੰਦੇ ਹਨ ਤੇ ਅੱਗੇ ਵਾਲੇ ਸਟੇਸ਼ਨ ਤੋਂ ਪਰਿਵਾਰ ਵਾਲੇ ਬੱਚਿਆਂ ਨੂੰ ਰਿਸੀਵ ਕਰ ਲੈਂਦੇ ਹਨ ਪਰ ਜਦੋਂ ਤੋਂ ਟਰੇਨਾਂ ਲੇਟ ਹੋਣੀਆਂ ਸ਼ੁਰੂ ਹੋਈਆਂ ਹਨ, ਉਦੋਂ ਤੋਂ ਲੋਕ ਆਪਣੇ ਬੱਚਿਆਂ ਨੂੰ ਇਕੱਲੇ ਭੇਜਣ ਤੋਂ ਗੁਰੇਜ਼ ਕਰਨ ਲੱਗੇ ਹਨ। ਆਪਣੇ ਬੱਚੇ ਸਿਧਾਰਥ ਨੂੰ ਛੱਡਣ ਆਏ ਵਿਕਾਸ ਤਿਵਾੜੀ ਆਪਣੇ ਬੱਚੇ ਨੂੰ ਨਾਲ ਲੈ ਕੇ ਘਰ ਨੂੰ ਮੁੜ ਗਏ। ਉਨ੍ਹਾਂ ਕਿਹਾ ਕਿ ਟਰੇਨਾਂ ਲੇਟ ਚੱਲ ਰਹੀਆਂ ਹਨ। ਅਜਿਹੇ ’ਚ ਰਸਤੇ ’ਚ ਕੋਈ ਵੀ ਦਿੱਕਤ ਪੇਸ਼ ਆ ਸਕਦੀ ਹੈ, ਜਿਸ ਕਾਰਨ ਉਹ ਬੱਚੇ ਨੂੰ ਇਕੱਲੇ ਭੇਜਣ ਦੇ ਪੱਖ ’ਚ ਨਹੀਂ ਹਨ। ਇਸੇ ਤਰ੍ਹਾਂ ਨਾਲ ਕਈ ਲੋਕਾਂ ਨੇ ਲੜਕੀਆਂ ਤੇ ਬੱਚਿਆਂ ਨੂੰ ਇਕੱਲੇ ਭੇਜਣ ਦੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News