ਖੁੱਲ੍ਹ ਗਿਆ ਰੀਅਲ ਅਸਟੇਟ ਕਾਰੋਬਾਰੀ ਦੀ ਮੌਤ ਦਾ ''ਰਾਜ਼'' ! ਮੰਗੇਤਰ ਨੇ ਹੀ ਰਚਿਆ ਸੀ ''ਖ਼ੂਨੀ'' ਖੇਡ

Tuesday, Jun 23, 2026 - 04:46 PM (IST)

ਖੁੱਲ੍ਹ ਗਿਆ ਰੀਅਲ ਅਸਟੇਟ ਕਾਰੋਬਾਰੀ ਦੀ ਮੌਤ ਦਾ ''ਰਾਜ਼'' ! ਮੰਗੇਤਰ ਨੇ ਹੀ ਰਚਿਆ ਸੀ ''ਖ਼ੂਨੀ'' ਖੇਡ

ਪੁਣੇ- ਮਹਾਰਾਸ਼ਟਰ ਦੇ ਪੁਣੇ 'ਚ ਰੀਅਲ ਅਸਟੇਟ ਕੰਪਨੀ ਦੇ ਡਾਇਰੈਕਟਰ ਕੇਤਨ ਵਿਸ਼ਾਲ ਅਗਰਵਾਲ ਦੀ ਮੌਤ ਦੇ ਮਾਮਲੇ 'ਚ ਮੰਗਲਵਾਰ ਨੂੰ ਇਕ ਸਨਸਨੀਖੇਜ਼ ਖੁਲਾਸਾ ਹੋਇਆ। ਪੁਲਸ ਨੇ ਕੇਤਨ ਦੀ ਮੰਗੇਤਰ ਅਤੇ ਉਸ ਦੇ ਪ੍ਰੇਮੀ ਨੂੰ ਲੋਹਾਗੜ ਕਿਲ੍ਹੇ ਦੀ ਖੱਡ 'ਚ ਉਸ ਨੂੰ ਧੱਕਾ ਦੇ ਕੇ ਉਸ ਦਾ ਕਤਲ ਕਰਨ ਤੋਂ ਬਾਅਦ ਇਸ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਦੇ ਅਨੁਸਾਰ, ਇਹ ਘਟਨਾ 18 ਜੂਨ ਦੀ ਹੈ।

ਸ਼ੁਰੂਆਤ 'ਚ ਇਹ ਲੋਹਾਗੜ ਕਿਲ੍ਹੇ ਤੋਂ ਪੈਰ ਫਿਸਲਣ ਕਾਰਨ ਹੋਇਆ ਹਾਦਸਾ ਮੰਨਿਆ ਜਾ ਰਿਹਾ ਸੀ, ਪਰ ਪੂਰੀ ਜਾਂਚ 'ਚ ਇਹ ਇਕ ਯੋਜਨਾਬੱਧ ਕਤਲ ਦੀ ਸਾਜਿਸ਼ ਨਿਕਲੀ। ਪੁਣੇ ਜ਼ਿਲ੍ਹੇ ਦੇ ਗਹੁੰਜੇ ਦਾ ਰਹਿਣ ਵਾਲਾ 26 ਸਾਲਾ ਕੇਤਨ ਅਗਰਵਾਲ ਆਪਣੇ ਪਰਿਵਾਰ ਦੇ ਰੀਅਲ ਅਸਟੇਟ ਕਾਰੋਬਾਰ 'ਚ ਡਾਇਰੈਕਟਰ ਸੀ। ਉਸ ਦੀ ਲਾਸ਼ 18 ਜੂਨ ਨੂੰ ਲੋਹਾਗੜ ਕਿਲ੍ਹੇ ਦੇ ਨੇੜੇ ਇਕ ਡੂੰਘੀ ਖੱਡ 'ਚੋਂ ਬਰਾਮਦ ਕੀਤੀ ਗਈ ਸੀ। ਪੁਲਸ ਨੇ ਪਹਿਲਾਂ ਕਿਹਾ ਸੀ ਕਿ ਕੇਤਨ ਤੇਜ਼ ਹਵਾਵਾਂ ਦੌਰਾਨ ਕਿਲ੍ਹੇ 'ਤੇ ਆਪਣੀ ਮੰਗੇਤਰ ਨਾਲ ਫੋਟੋਆਂ ਖਿੱਚਦੇ ਸਮੇਂ ਲਗਭਗ 400 ਫੁੱਟ ਡੂੰਘੀ ਖੱਡ 'ਚ ਡਿੱਗ ਗਿਆ ਸੀ।

ਕੇਤਨ ਦੀ ਮੰਗੇਤਰ ਸੀਆ ਗੋਇਲ ਨੇ ਲੋਨਾਵਲਾ ਦਿਹਾਤੀ ਪੁਲਸ ਨੂੰ ਦੱਸਿਆ ਕਿ ਕਿਲ੍ਹੇ 'ਚ ਘੁੰਮਣ ਦੌਰਾਨ ਕੇਤਨ ਦਾ ਪੈਰ ਫਿਸਲ ਗਿਆ ਅਤੇ ਉਹ ਖੱਡ 'ਚ ਡਿੱਗ ਗਏ। ਇਸ ਦੇ ਆਧਾਰ 'ਤੇ ਪੁਲਸ ਨੇ ਅਚਾਨਕ ਹੋਈ ਮੌਤ ਦਾ ਮਾਮਲਾ ਦਰਜ ਕੀਤਾ ਸੀ। ਕੇਤਨ ਅਤੇ ਸੀਆ ਦਾ ਇਸੇ ਸਾਲ ਵਿਆਹ ਹੋਣ ਵਾਲਾ ਸੀ। ਦੋਵੇਂ ਪਰਿਵਾਰਾਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਰਾਜਸਥਾਨ ਦੇ ਉਦੈਪੁਰ 'ਚ ਇਕ ਮਹਿਲ ਵੀ ਬੁੱਕ ਕਰ ਲਿਆ ਸੀ।

ਪੁਣੇ ਦਿਹਾਤੀ ਪੁਲਸ ਸੁਪਰਡੈਂਟ ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਮੌਤ ਦੇ ਹਾਲਾਤ ਸ਼ੱਕੀ ਲੱਗਣ ਤੋਂ ਬਾਅਦ ਪੁਲਸ ਨੇ ਡੂੰਘੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਕਿਹਾ,"ਸਾਡੀ ਟੀਮ ਨੇ ਵਿੱਤੀ ਵਿਵਾਦਾਂ ਅਤੇ ਨਿੱਜੀ ਸਬੰਧਾਂ ਸਮੇਤ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ। ਇਸ ਦੌਰਾਨ, ਇਹ ਪਤਾ ਲੱਗਾ ਕਿ ਸੀਆ ਗੋਇਲ ਪੁਣੇ ਦੇ ਕੋਂਧਵਾ ਦੇ ਰਹਿਣ ਵਾਲੇ ਚੇਤਨ ਬਾਬੂਲਾਲ ਚੌਧਰੀ (22) ਨਾਲ ਪ੍ਰੇਮ ਸੰਬੰਧ ਸਨ।"

ਪੁਲਸ ਅਨੁਸਾਰ, ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਸੀਆ ਗੋਇਲ ਕੇਤਨ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਆਪਣੇ ਰਿਸ਼ਤੇ 'ਚ ਰੁਕਾਵਟ ਸਮਝਦੀ ਸੀ। ਇਸ ਤੋਂ ਬਾਅਦ, ਦੋਵਾਂ ਨੇ ਕਥਿਤ ਤੌਰ 'ਤੇ ਕੇਤਨ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ। ਅਧਿਕਾਰੀ ਨੇ ਕਿਹਾ ਕਿ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਇਕ ਸਾਜ਼ਿਸ਼ ਦੇ ਅਧੀਨ ਸੀਆ ਘੁੰਮਣ ਦੇ ਬਹਾਨੇ ਕੇਤਨ ਨੂੰ ਲੋਹਗੜ੍ਹ ਕਿਲ੍ਹੇ ਲੈ ਗਈ। ਬਾਅਦ 'ਚ ਚੇਤਨ ਨੂੰ ਵੀ ਉੱਥੇ ਬੁਲਾਇਆ ਗਿਆ ਅਤੇ ਦੋਵਾਂ ਨੇ ਮਿਲ ਕੇ ਕੇਤਨ ਨੂੰ ਖੱਡ 'ਚ ਧੱਕਾ ਦੇ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਸ਼ੱਕ ਦੇ ਆਧਾਰ 'ਤੇ, ਸਥਾਨਕ ਅਪਰਾਧ ਸ਼ਾਖਾ ਨੇ ਪਹਿਲਾਂ ਚੇਤਨ ਚੌਧਰੀ ਨੂੰ ਹਿਰਾਸਤ 'ਚ ਲਿਆ।

ਪੁੱਛਗਿੱਛ ਦੌਰਾਨ, ਉਸ ਨੇ ਕਬੂਲ ਕੀਤਾ ਕਿ ਕੇਤਨ ਉਨ੍ਹਾਂ ਦੇ ਰਿਸ਼ਤੇ 'ਚ ਰੁਕਾਵਟ ਬਣ ਰਿਹਾ ਸੀ, ਇਸ ਲਈ ਉਸ ਨੇ ਅਤੇ ਸੀਆ ਨੇ ਉਸ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ। ਪੁਲਸ ਨੇ ਕਿਹਾ ਕਿ ਚੇਤਨ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਸੀਆ ਗੋਇਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਸੁਪਰਡੈਂਟ ਗਿੱਲ ਨੇ ਕਿਹਾ,''ਕੇਤਨ ਦੇ ਪਿਤਾ ਵਿਸ਼ਾਲ ਅਗਰਵਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਲੋਨਾਵਲਾ ਗ੍ਰਾਮੀਣ ਪੁਲਸ ਨੇ ਮੰਗਲਵਾਰ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਕਤਲ ਅਤੇ ਅਪਰਾਧਕ ਸਾਜਿਸ਼ ਦਾ ਮਾਮਲਾ ਦਰਜ ਕੀਤਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News