ਕਹਿਰ ਓ ਰੱਬਾ! ਨਾਨਕੇ ਛੁੱਟੀਆਂ ਕੱਟਣ ਗਏ ਜਵਾਕ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਚਿਰਾਗ
Wednesday, Jul 01, 2026 - 12:21 PM (IST)
ਔੜ/ਚੱਕਦਾਨਾ (ਛਿੰਜੀ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗੜ੍ਹੀ ਅਜੀਤ ਸਿੰਘ ਨਾਲ ਸਬੰਧਤ ਇਕ ਪਰਿਵਾਰ 'ਤੇ ਉਸ ਵੇਲੇ ਦੁੱਖ਼ਾਂ ਦਾ ਪਹਾੜ ਟੁੱਟ ਪਿਆ ਜਦੋਂ ਗਰਮੀਆਂ ਦੀਆਂ ਛੁੱਟੀਆਂ ਆਪਣੇ ਨਾਨਕੇ ਘਰ ਮਨਾਉਣ ਗਏ 9 ਸਾਲਾ ਮਾਸੂਮ ਮਨਕੀਰਤ ਸਿੰਘ ਦੀ ਟਿਊਬਵੈੱਲ ਦੇ ਚਲੇ ਵਿਚ ਨਹਾਉਂਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਵਿਸ਼ੇਸ਼ DGP ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ
ਇਸ ਹਾਦਸੇ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿਚ ਪਾ ਦਿੱਤਾ ਹੈ। ਮ੍ਰਿਤਕ ਬੱਚੇ ਦੀ ਮਾਤਾ ਪਰਮਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਉਰਫ਼ ਗੋਗੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਉਹ ਆਪਣੇ ਇਕਲੌਤੇ ਪੁੱਤਰ ਮਨਕੀਰਤ ਸਿੰਘ ਨੂੰ ਲੈ ਕੇ ਫਗਵਾੜਾ ਨੇੜੇ ਆਪਣੇ ਪੇਕੇ ਪਿੰਡ ਦੁੱਗਾਂ ਗਈ ਹੋਈ ਸੀ। ਮੰਗਲਵਾਰ ਸਵੇਰੇ ਕਰੀਬ 7 ਵਜੇ ਉਹ ਵਾਪਸ ਆਪਣੇ ਪਿੰਡ ਗੜ੍ਹੀ ਅਜੀਤ ਸਿੰਘ ਆਉਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਉਹ ਖੂਹ ’ਤੇ ਬਣੇ ਉਨ੍ਹਾਂ ਦੇ ਘਰ ਵਿਚ ਲੱਗੇ ਟਿਊਬਵੈੱਲ ਦੇ ਚਲੇ਼ ਵਿਚ ਆਪਣੇ ਪੁੱਤਰ ਨੂੰ ਨਹਾ ਰਹੀ ਸੀ ਕਿ ਅਚਾਨਕ ਮਨਕੀਰਤ ਦੀ ਪਿੱਠ ਟਿਊਬਵੈੱਲ ਦੇ ਲੋਹੇ ਦੇ ਪਾਈਪ ਨਾਲ ਲੱਗ ਗਈ, ਜਿਸ ਵਿਚ ਕਰੰਟ ਆ ਰਿਹਾ ਸੀ। ਕਰੰਟ ਲੱਗਦੇ ਹੀ ਬੱਚਾ ਪਾਈਪ ਨਾਲ ਚਿੰਬੜ ਗਿਆ।

ਇਹ ਵੀ ਪੜ੍ਹੋ: Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ ਜਾਨ
ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਜ਼ੋਰਦਾਰ ਕਰੰਟ ਦਾ ਝਟਕਾ ਲੱਗਾ ਅਤੇ ਉਹ ਦੂਰ ਜਾ ਡਿੱਗੀ। ਮਾਂ ਨੇ ਹਿੰਮਤ ਨਾ ਹਾਰਦਿਆਂ ਦੁਬਾਰਾ ਉੱਠ ਕੇ ਆਪਣੇ ਬੱਚੇ ਨੂੰ ਪਾਈਪ ਤੋਂ ਖਿੱਚਿਆ ਪਰ ਉਦੋਂ ਤੱਕ ਉਹ ਬੇ-ਹੋਸ਼ ਹੋ ਚੁੱਕਾ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਚੁੰਨੀ ਵਿਚ ਲਪੇਟ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਵਿਚ ਇਹ ਖ਼ਬਰ ਸੁਣਦਿਆਂ ਹੀ ਚੀਕ ਜਿਹਾੜਾ ਪੈ ਗਿਆ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਮ੍ਰਿਤਕ ਬੱਚੇ ਦੀ ਦਾਦੀ ਸੁਰਿੰਦਰ ਕੌਰ ਪਤਨੀ ਨਛੱਤਰ ਸਿੰਘ ਨੇ ਦੱਸਿਆ ਕਿ ਮਨਕੀਰਤ ਘਰ ਦਾ ਇਕਲੌਤਾ ਚਿਰਾਗ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਹੀ ਕਈ ਦੁੱਖਾਂ ਦਾ ਸਾਹਮਣਾ ਕਰ ਚੁੱਕਾ ਹੈ ਕਿਉਂਕਿ ਚਾਰ ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ,ਇਸ ਤੋਂ ਬਾਅਦ ਦੋ ਸਾਲ ਪਹਿਲਾਂ ਉਨ੍ਹਾਂ ਦੇ ਛੋਟੇ ਪੁੱਤਰ ਦੀ ਉਸਦੇ ਵਿਆਹ ਤੋਂ ਸਿਰਫ਼ ਤਿੰਨ ਮਹੀਨੇ ਬਾਅਦ ਹੀ ਮੌਤ ਹੋ ਗਈ। ਹੁਣ ਇਕਲੌਤੇ ਪੋਤੇ ਦੀ ਮੌਤ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਝੰਝੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਹੋਈਆਂ ਮੌਤਾਂ ਕਾਰਨ ਉਨ੍ਹਾਂ ਦਾ ਪਰਿਵਾਰ ਮਾਨਸਿਕ ਤੌਰ ’ਤੇ ਵੀ ਟੁੱਟ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਹੋਈ ਵੱਡੀ ਕਾਰਵਾਈ
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਬੱਚੇ ਦਾ ਪਿਤਾ ਗੁਰਪ੍ਰੀਤ ਸਿੰਘ ਇਸ ਸਮੇਂ ਜੇਲ ਵਿਚ ਬੰਦ ਹੈ। ਪਰਿਵਾਰ ਅਨੁਸਾਰ ਉਹ ਘਰ ਦਾ ਸਾਮਾਨ ਲੈਣ ਔੜ ਵਿਖੇ ਗਿਆ ਸੀ, ਜਿੱਥੇ ਪੁਲਸ ਵਲੋਂ ਉਸ ਖ਼ਿਲਾਫ਼ ਨਸ਼ੇ ਨਾਲ ਸਬੰਧਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਸੀ,ਹੁਣ ਪਰਿਵਾਰ ਨੇ ਮਾਣਯੋਗ ਅਦਾਲਤ ਕੋਲ ਬੇਨਤੀ ਕੀਤੀ ਹੈ ਕਿ ਉਸ ਨੂੰ ਕੁਝ ਦਿਨਾਂ ਦੀ ਅਸਥਾਈ ਰਿਹਾਈ ਜਾਂ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਇਕਲੌਤੇ ਪੁੱਤਰ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕਰ ਸਕੇ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ Alert! 4 ਜੁਲਾਈ ਤੱਕ ਮੌਸਮ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
