ਪਤੀ ਅਤੇ ਪਰਿਵਾਰ ਵੱਲੋਂ ਦੁਰਕਾਰੀ ਕੁੜੀ ਨੇ ਸੜਕਾਂ ਤੇ ਵੇਚਿਆ ਨਿੰਬੂ ਪਾਣੀ, ਹੁਣ ਬਣੀ ਸਬ-ਇੰਸਪੈਕਟਰ
Monday, Jun 28, 2021 - 01:16 PM (IST)
ਕੇਰਲ— ਕਹਿੰਦੇ ਨੇ ਜੇਕਰ ਮਨ ’ਚ ਕੁਝ ਕਰਨ ਦਾ ਜਨੂੰਨ ਅਤੇ ਮਜ਼ਬੂਤ ਇਰਾਦਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਤੁਹਾਡੇ ਅੱਗੇ ਗੋਡੇ ਟੇਕਣ ਨੂੰ ਮਜਬੂਰ ਹੋ ਜਾਂਦੀ ਹੈ। ਅਜਿਹੀ ਹੀ ਇਕ ਕੁੜੀ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸ ਦੀ ਪ੍ਰੇਰਣਾਦਾਇਕ ਕਹਾਣੀ ਨੇ ਸਭ ਨੂੰ ਆਪਣੇ ਵੱਲ ਖਿੱਚਿਆ ਹੈ। ਨਿੰਬੂ ਪਾਣੀ ਅਤੇ ਆਈਸਕ੍ਰੀਮ ਵੇਚਣ ਵਾਲੀ ਕੁੜੀ ਅੱਜ ਆਪਣੇ ਹੌਂਸਲੇ ਸਦਕਾ ਸਬ-ਇੰਸਪੈਕਟਰ ਬਣ ਗਈ ਹੈ। ਕੇਰਲ ਦੇ ਵਰਕਲਾ ਵਿਚ ਆਪਣੀ ਰੋਜ਼ੀ-ਰੋਟੀ ਲਈ ਸੈਲਾਨੀਆਂ ਨੂੰ ਨਿੰਬੂ ਪਾਣੀ ਅਤੇ ਆਈਸਕ੍ਰੀਮ ਵੇਚਣ ਵਾਲੀ 18 ਸਾਲਾ ਐਨੀ ਸ਼ਿਵਾ ਨੇ ਕਦੇ ਆਪਣੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਹੋਵੇਗਾ ਕਿ ਇਕ ਦਿਨ ਉਸੇ ਇਸ ਥਾਂ ’ਤੇ ਪੁਲਸ ਸਬ-ਇੰਸਪੈਕਟਰ ਦੇ ਰੂਪ ਵਿਚ ਤਾਇਨਾਤ ਹੋਵੇਗੀ।
ਇਹ ਵੀ ਪੜ੍ਹੋ: PM ਮੋਦੀ ਨੇ 'ਮਨ ਕੀ ਬਾਤ' 'ਚ ਕੀਤਾ ਤਾਰਿਕ ਅਹਿਮਦ ਦਾ ਜ਼ਿਕਰ; ਪੜ੍ਹੋ ਪਾਣੀ 'ਤੇ ਤੈਰਦੀ ਐਂਬੂਲੈਂਸ ਦੀ ਕਹਾਣੀ
ਓਧਰ ਕੇਰਲ ਪੁਲਸ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸਫ਼ਲਤਾ ਲਈ ਵਧਾਈ ਦਿੰਦੇ ਹੋਏ ਟਵੀਟ ਵੀ ਕੀਤਾ ਹੈ। ਇਸ ਟਵੀਟ ’ਚ ਕਿਹਾ ਗਿਆ ਕਿ ਇੱਛਾ ਸ਼ਕਤੀ ਅਤੇ ਆਤਮਵਿਸ਼ਵਾਸ ਦਾ ਇਕ ਸੱਚਾ ਮਾਡਲ। ਇਕ 18 ਸਾਲਾ ਕੁੜੀ ਜੋ ਆਪਣੇ 6 ਮਹੀਨੇ ਦੇ ਬੱਚੇ ਨਾਲ ਪਤੀ ਅਤੇ ਪਰਿਵਾਰ ਵਲੋਂ ਦੁਰਕਾਰਨ ਮਗਰੋਂ ਸੜਕਾਂ ’ਤੇ ਛੱਡ ਦਿੱਤਾ ਗਿਆ। ਅੱਜ ਵਰਕਲਾ ਪੁਲਸ ਸਟੇਸ਼ਨ ’ਚ ਸਬ-ਇੰਸਪੈਕਟਰ ਬਣੀ ਹੈ।
ਇਹ ਵੀ ਪੜ੍ਹੋ: ਮਨ ਕੀ ਬਾਤ ’ਚ PM ਮੋਦੀ ਨੇ ਮਿਲਖਾ ਸਿੰਘ ਨੂੰ ਕੀਤਾ ਯਾਦ, ‘ਕੋਰੋਨਾ ਟੀਕਾਕਰਨ’ ਨੂੰ ਲੈ ਕੇ ਆਖੀ ਇਹ ਗੱਲ
ਐਨੀ ਸ਼ਿਵਾ ਜੋ ਹੁਣ 31 ਸਾਲ ਦੀ ਹੈ, ਵਰਕਲਾ ਪੁਲਸ ਸਟੇਸ਼ਨ ’ਚ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਦੇ ਰੂਪ ਵਿਚ ਸ਼ਾਮਲ ਹੋਈ ਹੈ। ਸ਼ਿਵਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮੇਰੀ ਪੋਸਟਿੰਗ ਵਰਕਲਾ ਪੁਲਸ ਸਟੇਸ਼ਨ ਵਿਚ ਹੋਈ। ਇਹ ਇਕ ਅਜਿਹੀ ਥਾਂ ਹੈ, ਜਿੱਥੇ ਮੈਂ ਆਪਣੇ ਛੋਟੇ ਬੱਚੇ ਨਾਲ ਹੰਝੂ ਵਹਾਏ ਅਤੇ ਮੇਰੀ ਸਾਰ ਲੈਣ ਵਾਲਾ ਕੋਈ ਨਹੀਂ ਸੀ। ਉਸ ਨੇ ਆਪਣੀ ਜ਼ਿੰਦਗੀ ’ਚ ਬਹੁਤ ਨੌਕਰੀਆਂ ਕੀਤੀਆਂ। ਉਸ ਨੇ ਤਿਉਹਾਰਾਂ ਦੌਰਾਨ ਮੇਲਿਆਂ ’ਚ ਆਈਸਕ੍ਰੀਮ ਅਤੇ ਨਿੰਬੂ ਪਾਣੀ ਵੇਚਿਆ। ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਨਿੰਬੂ ਪਾਣੀ ਵੇਚਿਆ। ਇਕੱਲੀ ਮਾਂ ਹੋਣ ਕਰ ਕੇ ਉਸ ਨੂੰ ਖ਼ੁਦ ਲਈ ਅਤੇ ਆਪਣੇ ਬੱਚੇ ਲਈ ਕਿਰਾਏ ’ਤੇ ਮਕਾਨ ਲੱਭਣ ’ਚ ਮੁਸ਼ਕਲ ਆਈ। ਉਸ ਨੇ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਮੁੰਡਿਆਂ ਵਾਂਗ ਵਾਲ ਕਟਵਾ ਲਏ।
ਇਹ ਵੀ ਪੜ੍ਹੋ: ਸਕੂਲਾਂ ਨੂੰ ਮੁੜ ਤੋਂ ਖੋਲ੍ਹਣਾ ਹੈ ਤਾਂ ਟੀਕਾਕਰਨ ਹੀ ਇਕੋ-ਇਕ ਰਾਹ: ਏਮਜ਼ ਮੁਖੀ
ਸ਼ਿਵਾ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਆਈ. ਪੀ. ਐੱਸ. ਅਧਿਕਾਰੀ ਬਣਨਾ ਚਾਹੁੰਦੀ ਸੀ ਪਰ ਕਿਸਮਤ ’ਚ ਕੁਝ ਹੋਰ ਚੀਜ਼ਾਂ ਸਨ। ਹੁਣ ਫੇਸਬੁੱਕ ਪੋਸਟ ਨੂੰ ਕਈ ਲੋਕਾਂ ਵਲੋਂ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰ ਰਹੀ ਹਾਂ। ਸ਼ਿਵਾ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਜੇਕਰ ਕੋਈ ਮਹਿਲਾ ਆਪਣੇ ਪੈਰਾਂ ’ਤੇ ਖੜ੍ਹੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਉਸ ਦੀ ਜੀਵਨ ਕਹਾਣੀ ਤੋਂ ਪ੍ਰੇਰਣਾ ਮਿਲੇਗੀ।