ਧਨਾਸ ’ਚ ਨੌਜਵਾਨ ਅਤੇ ਕੁੜੀ ਨੇ ਕੀਤੀ ਖ਼ੁਦਕੁਸ਼ੀ
Wednesday, Oct 15, 2025 - 02:08 PM (IST)

ਚੰਡੀਗੜ੍ਹ (ਸੁਸ਼ੀਲ) : ਧਨਾਸ ’ਚ 2 ਲੋਕਾਂ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਧਨਾਸ ਦੇ ਰਹਿਣ ਵਾਲੇ ਸੂਰਜ ਵਜੋਂ ਹੋਈ ਹੈ। ਪੁਲਸ ਨੂੰ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਫਿਲਹਾਲ ਸਾਰੰਗਪੁਰ ਥਾਣਾ ਪੁਲਸ ਜਾਂਚ ਕਰ ਰਹੀ ਹੈ। ਪਹਿਲੀ ਘਟਨਾ ਧਨਾਸ ਦੇ ਲਾਲਾ ਵਾਲਾ ਪੀਰ ਨੇੜੇ ਵਾਪਰੀ। ਪੰਜਾਬ ਯੂਨੀਵਰਸਿਟੀ ’ਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨ ਵਾਲਾ ਸੂਰਜ ਮੰਗਲਵਾਰ ਨੂੰ ਘਰ ਸੀ। ਜਦੋਂ ਉਸ ਦਾ ਭਰਾ ਸ਼ਾਮ 5 ਵਜੇ ਕੰਮ ਤੋਂ ਆਇਆ ਤਾਂ ਸੂਰਜ ਨੂੰ ਫ਼ਾਹੇ ਨਾਲ ਲਟਕਦਾ ਦੇਖਿਆ।
ਪਰਿਵਾਰਕ ਮੈਂਬਰਾਂ ਅਨੁਸਾਰ ਸੂਰਜ ਕੁੱਝ ਦਿਨਾਂ ਤੋਂ ਪਰੇਸ਼ਾਨ ਸੀ, ਜਿਸ ਬਾਰੇ ਸੋਮਵਾਰ ਰਾਤ ਨੂੰ ਪੁੱਛਿਆ ਸੀ, ਪਰ ਉਸ ਨੇ ਕਿਹਾ ਕਿ ਸਭ ਕੁੱਝ ਠੀਕ ਹੈ। ਦੂਜੀ ਘਟਨਾ ਸਮਾਲ ਫਲੈਟ ਨੰਬਰ-1380ਏ ’ਚ ਵਾਪਰੀ। 16 ਸਾਲਾ ਕੁੜੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਗੁਆਂਢੀਆਂ ਨੇ ਦੱਸਿਆ ਕਿ ਸ਼ਾਮ 5 ਵਜੇ ਕੁੱਝ ਬੱਚੇ ਕੁੜੀ ਨੂੰ ਖੇਡਣ ਲਈ ਬੁਲਾਉਣ ਗਏ ਸਨ। ਜਦੋਂ ਕਾਫ਼ੀ ਦੇਰ ਤੱਕ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਨ੍ਹਾਂ ਨੇ ਖਿੜਕੀ ’ਚੋਂ ਦੇਖਿਆ ਕਿ ਕੁੜੀ ਫ਼ਾਹੇ ਨਾਲ ਲਟਕੀ ਹੋਈ ਸੀ। ਪੁਲਸ ਕੰਟਰੋਲ ਰੂਮ ਨੂੰ ਤੁਰੰਤ ਸੂਚਿਤ ਕੀਤਾ।
ਘਟਨਾ ਸਮੇਂ ਮਾਪੇ ਕੰਮ ’ਤੇ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਤੇ ਪਰਿਵਾਰਕ ਮੈਂਬਰ ਪਹੁੰਚੇ। ਪੁਲਸ ਨੇ ਉਸ ਨੂੰ ਫ਼ਾਹੇ ਤੋਂ ਉਤਾਰਿਆ ਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸਾਰੰਗਪੁਰ ਥਾਣਾ ਪੁਲਸ ਦੋਹਾਂ ਮਾਮਲਿਆਂ ’ਚ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।