ਟਿਕਟ ਨਾ ਮਿਲਣ ਤੋਂ ਨਾਰਾਜ਼ ਕੇਰਲ ਮਹਿਲਾ ਕਾਂਗਰਸ ਮੁਖੀ ਨੇ ਕਰਵਾਇਆ ਮੁੰਡਨ, ਦਿੱਤਾ ਅਸਤੀਫ਼ਾ
Monday, Mar 15, 2021 - 11:52 AM (IST)
ਤਿਰੁਵਨੰਤਪੁਰਮ— ਕੇਰਲ ਵਿਚ ਕਾਂਗਰਸ ਨੂੰ ਉਦੋਂ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਮਹਿਲਾ ਕਾਂਗਰਸ ਦੀ ਕੇਰਲ ਇਕਾਈ ਦੀ ਪ੍ਰਧਾਨ ਲਤਿਕਾ ਸੁਭਾਸ਼ ਨੇ ਐੱਤੂਮਨੂਰ ਸੀਟ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਐਤਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੁਭਾਸ਼ ਨੇ ਸੂਬੇ ਵਿਚ 6 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੀਨੀਅਰ ਨੇਤਾ ਸੁਭਾਸ਼ (56) ਨੇ ਟਿਕਟ ਨਾ ਮਿਲਣ ’ਤੇ ਵਿਰੋਧ ਜਤਾਉਂਦੇ ਲਈ ਪਾਰਟੀ ਦਫ਼ਤਰ ਇੰਦਰਾ ਭਵਨ ਦੇ ਸਾਹਮਣੇ ਬੈਠ ਕੇ ਆਪਣੇ ਸਿਰ ਦੇ ਵਾਲ ਵੀ ਮੁੰਡਵਾ ਲਏ। ਸੁਭਾਸ਼ ਨੂੰ 2018 ਵਿਚ ਰਾਹੁਲ ਗਾਂਧੀ ਨੇ ਮਹਿਲਾ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਸੀ। ਉਸ ਸਮੇਂ ਰਾਹੁਲ ਗਾਂਧੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸਨ।
ਸੁਭਾਸ਼ ਨੇ ਦੋਸ਼ ਲਾਇਆ ਕਿ ਕਾਂਗਰਸ ਮਹਿਲਾ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਲਤਿਕਾ ਸੁਭਾਸ਼ ਨੇ ਕਿਹਾ ਕਿ ਕਿ ਉਹ ਫ਼ਿਲਹਾਲ ਕਿਸੇ ਵੀ ਪਾਰਟੀ ’ਚ ਸ਼ਾਮਲ ਨਹੀਂ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਵੀ ਚੋਣ ਲੜਨ ਦਾ ਫ਼ੈਸਲਾ ਨਹੀਂ ਕੀਤਾ ਹੈ। ਦੱਸ ਦੇਈਏ ਕਿ ਕੇਰਲ ਕਾਂਗਰਸ ਪ੍ਰਧਾਨ ਮੁੱਲਾਪਲੀ ਰਾਮਚੰਦਨ ਨੇ ਕਿਹਾ ਕਿ ਅਸੀਂ ਕੇਰਲ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਦੱਸਣਯੋਗ ਹੈ ਕਿ ਕੇਰਲ ’ਚ 140 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਹੋਣੀਆਂ ਹਨ। ਜਿਸ ਦੇ ਨਤੀਜੇ 2 ਮਈ ਨੂੰ ਆਉਣਗੇ। ਇਨ੍ਹਾਂ ਚੋਣਾਂ ’ਚ ਭਾਜਪਾ, ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਵਿਚਾਲੇ ਟੱਕਰ ਹੋਣੀ ਹੈ। ਕਾਂਗਰਸ ਯੂ. ਡੀ. ਐੱਫ. ਗਠਜੋੜ ਦੇ ਸਮਰਥਨ ਨਾਲ 91 ਸੀਟਾਂ ’ਤੇ ਚੋਣ ਲੜਨ ਜਾ ਰਹੀ ਹੈ। ਇਨ੍ਹਾਂ ਸਾਰੀਆਂ ਸੀਟਾਂ ਲਈ ਕਾਂਗਰਸ ਵਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।