ਸਭ ਤੋਂ ਵਡੇਰੀ ਉਮਰ ਦੀ ਵਿਦਿਆਰਥਣ ''ਅੰਮਾ'' ਨਹੀਂ ਰਹੀ, ਮਿਲ ਚੁੱਕੈ ਨਾਰੀ ਸ਼ਕਤੀ ਪੁਰਸਕਾਰ
Wednesday, Oct 11, 2023 - 06:07 PM (IST)
ਤਿਰੂਵਨੰਤਪੁਰਮ- ਕੇਰਲ ਸੂਬੇ 'ਚ ਸਾਖ਼ਰਤਾ ਮੁਹਿੰਮ ਤਹਿਤ ਸਭ ਤੋਂ ਵਡੇਰੀ ਉਮਰ ਦੀ ਵਿਦਿਆਰਥਣ ਬਣ ਕੇ ਇਤਿਹਾਸ ਰਚਣ ਵਾਲੀ 101 ਸਾਲ ਦੀ ਕਾਤਯਾਯਨੀ ਅੰਮਾ ਦਾ 10 ਅਕਤੂਬਰ ਨੂੰ ਅਲਪੁਝਾ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਘਰ ਵਿਚ ਆਖਰੀ ਸਾਹ ਲਿਆ। ਅਜਿਹੀ ਜਾਣਕਾਰੀ ਹੈ ਕਿ ਦਿਮਾਗ 'ਤੇ ਸੱਟ ਲੱਗਣ ਕਾਰਨ ਉਹ ਕੁਝ ਸਮੇਂ ਤੋਂ ਬਿਸਤਰ 'ਤੇ ਸੀ। ਅੰਮਾ ਨੂੰ ਦੱਖਣੀ ਸੂਬੇ 'ਚ ਸਾਖ਼ਰਤਾ ਮੁਹਿੰਮ ਤਹਿਤ ਨਾ ਸਿਰਫ਼ 96 ਸਾਲ ਦੀ ਉਮਰ 'ਚ ਪੜ੍ਹਾਈ ਕਰਨ ਲਈ ਪ੍ਰਸਿੱਧੀ ਮਿਲੀ ਸਗੋਂ ਉਨ੍ਹਾਂ ਨੇ ਅੱਖਰਲਕਸ਼ਮ' ਇਮਤਿਹਾਨ ਵਿਚ ਵੀ ਸਭ ਤੋਂ ਵੱਧ ਅੰਕ ਹਾਸਲ ਕੀਤੇ, ਜੋ ਕਿ ਚੌਥੀ ਜਮਾਤ ਦੇ ਇਮਤਿਹਾਨ ਦੇ ਬਰਾਬਰ ਹੁੰਦੀ ਹੈ।
ਇਹ ਵੀ ਪੜ੍ਹੋ- 2020 'ਚ ਭਾਰਤ 'ਚ 30 ਲੱਖ ਤੋਂ ਵਧੇਰੇ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ, ਪੂਰੀ ਦੁਨੀਆ 'ਚ ਸਭ ਤੋਂ ਵੱਧ
ਅੰਮਾ ਨੂੰ ਨਾਰੀ ਸ਼ਕਤੀ ਪੁਰਸਕਾਰ ਵੀ ਮਿਲਿਆ
ਅੰਮਾ ਅਲਪੁਝਾ ਜ਼ਿਲ੍ਹੇ ਦੇ ਚੇਪਾਡ ਪਿੰਡ 'ਚ ਇਮਤਿਹਾਨ ਦੇਣ ਵਾਲੇ 43,330 ਵਿਦਿਆਰਥੀਆਂ ਵਿਚੋਂ ਸਭ ਤੋਂ ਬਜ਼ੁਰਗ ਸੀ। ਉਨ੍ਹਾਂ ਨੂੰ ਮਾਰਚ 2020 'ਚ ਮਹਿਲਾ ਦਿਵਸ 'ਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਨਾਰੀ ਸ਼ਕਤੀ ਪੁਰਸਕਾਰ ਵੀ ਮਿਲਿਆ ਸੀ। 2019 ਵਿਚ ਉਹ 'ਕਾਮਨਵੈਲਥ ਆਫ਼ ਲਰਨਿੰਗ ਗੁੱਡਵਿਲ ਅੰਬੈਸਡਰ' ਵੀ ਬਣੀ। ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਬੁੱਧਵਾਰ ਨੂੰ ਪੁਰਸਕਾਰ ਜਿੱਤਣ ਤੋਂ ਬਾਅਦ ਉਨ੍ਹਾਂ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ, ਜਿਸ 'ਚ ਉਨ੍ਹਾਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਨ ਅਤੇ ਨੌਕਰੀ ਕਰਨ ਦੀ ਇੱਛਾ ਪ੍ਰਗਟਾਈ ਸੀ।
ਇਹ ਵੀ ਪੜ੍ਹੋ- 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ
ਮੁੱਖ ਮੰਤਰੀ ਵਿਜਯਨ ਨੇ ਕੀਤੀ ਭਾਵੁਕ ਪੋਸਟ
ਵਿਜਯਨ ਨੇ ਫੇਸਬੁੱਕ 'ਤੇ ਇਕ ਪੋਸਟ 'ਚ ਲਿਖਿਆ, ''ਉਨ੍ਹਾਂ ਸ਼ਬਦਾਂ 'ਚ ਆਤਮਵਿਸ਼ਵਾਸ ਅਤੇ ਦ੍ਰਿੜ ਸੰਕਲਪ ਸੀ।'' ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਸੋਗ ਸੰਦੇਸ਼ ਵੀ ਪੋਸਟ ਕੀਤਾ ਅਤੇ ਕਿਹਾ ਕਿ ਅੰਮਾ ਨੂੰ ਚੁਣੌਤੀਆਂ ਦੇ ਬਾਵਜੂਦ ਅਧਿਐਨ ਕਰਨ ਦੇ ਉਨ੍ਹਾਂ ਦੇ ਅਡੋਲ ਇਰਾਦੇ ਲਈ ਯਾਦ ਕੀਤਾ ਗਿਆ। ਉਹ ਬਹੁਤ ਸਾਰੇ ਲੋਕਾਂ ਲਈ ਇਕ ਪ੍ਰੇਰਣਾਦਾਇਕ ਰੋਲ ਮਾਡਲ ਬਣ ਗਈ।
ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ
6 ਬੱਚਿਆਂ ਦੀ ਮਾਂ ਅੰਮਾ ਨੇ ਗਲੀਆਂ 'ਚ ਝਾੜੂ ਮਾਰ ਕੇ ਕੀਤਾ ਬੱਚਿਆਂ ਦਾ ਪਾਲਣ-ਪੋਸ਼ਣ
ਅੰਮਾ ਅਜਿਹੇ ਹਾਲਾਤਾਂ ਵਿਚ ਵੱਡੀ ਹੋਈ, ਜਿੱਥੇ ਉਹ ਪੜ੍ਹਾਈ ਨਹੀਂ ਕਰ ਸਕੀ ਅਤੇ 96 ਸਾਲ ਦੀ ਉਮਰ 'ਚ ਪੜ੍ਹੀ-ਲਿਖੀ ਬਣ ਗਈ, ਉਹ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਕੇਰਲ ਦੇ ਅਲਾਪੁਝਾ ਦੀ ਹਰੀਪਦ ਨਗਰਪਾਲਿਕਾ ਦੀ ਰਹਿਣ ਵਾਲੀ ਕਾਤਯਾਯਨੀ ਅੰਮਾ, ਜਿਸ ਦੇ ਪਤੀ ਦਾ ਪਹਿਲਾਂ ਦਿਹਾਂਤ ਹੋ ਗਿਆ ਸੀ। 6 ਬੱਚਿਆਂ ਦੀ ਇਸ ਮਾਂ ਨੇ ਆਪਣੇ ਪਿੰਡ ਵਿਚ ਮੰਦਰਾਂ ਦੇ ਬਾਹਰ ਗਲੀਆਂ 'ਚ ਝਾੜੂ ਮਾਰ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8