96 ਸਾਲ ਦੀ ਕਾਰਤੀਯਾਨੀ ਤੇ 105 ਸਾਲਾ ਭਾਗੀਰਥੀ ਅੰਮਾ ਨੂੰ ਮਿਲੇਗਾ ਨਾਰੀ ਸ਼ਕਤੀ ਪੁਰਸਕਾਰ

03/05/2020 10:24:08 AM

ਕੋਲੱਮ—  ਕੇਰਲ ਦੀਆਂ 2 ਬਜ਼ੁਰਗ ਔਰਤਾਂ ਨੂੰ ਸਨਮਾਨਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ 96 ਸਾਲਾ ਕਾਰਤੀਯਾਨੀ ਅੰਮਾ ਨੇ ਸਾਲ 2018 'ਚ 100 'ਚੋਂ 98 ਅੰਕ ਹਾਸਲ ਕੀਤੇ ਸਨ। ਉੱਥੇ ਹੀ 105 ਸਾਲਾ ਭਾਗੀਰਥੀ ਅੰਮਾ ਕੇਰਲ ਰਾਜ ਸਾਖਰਤਾ ਮਿਸ਼ਨ ਦੇ ਅਧੀਨ ਪਾਠਕ੍ਰਮ ਦੀ ਸਭ ਤੋਂ ਬਜ਼ੁਰਗ ਵਿਦਿਆਰਥਣ ਹੈ।

9 ਸਾਲ ਦੀ ਉਮਰ 'ਚ ਛੱਡੀ ਸੀ ਪੜ੍ਹਾਈ
ਦੱਸਣਯੋਗ ਹੈ ਕਿ ਕੇਰਲ ਦੀ 105 ਸਾਲਾ ਭਾਗੀਰਥੀ ਅੰਮਾ ਨੇ ਇਸ ਉਮਰ 'ਚ ਚੌਥੀ ਜਮਾਤ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ। ਭਾਗੀਰਥੀ ਨੇ 9 ਸਾਲ ਦੀ ਉਮਰ 'ਚ ਮਾਂ ਦੇ ਦਿਹਾਂਤ ਕਾਰਨ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਸ ਤੋਂ ਬਾਅਦ ਭਰਾ-ਭੈਣਾਂ ਦੀ ਦੇਖਭਾਲ 'ਚ ਇੰਨੀ ਰੁਝੀ ਕਿ ਪੜ੍ਹਨ ਬਾਰੇ ਸੋਚ ਹੀ ਨਹੀਂ ਸਕੀ। ਵਿਆਹ ਤੋਂ ਬਾਅਦ ਪਰਿਵਾਰ ਵਧਿਆ ਅੇ ਉਹ 6 ਬੱਚਿਆਂ ਦੀ ਮਾਂ ਬਣ ਗਈ। ਉਨ੍ਹਾਂ ਦੀਆਂ ਮੁਸ਼ਕਲਾਂ ਉਸ ਸਮੇਂ ਹੋਰ ਵਧ ਗਈਆਂ, ਜਦੋਂ ਉਨ੍ਹਾਂ ਦੇ ਪਤੀ ਦਾ ਦਿਹਾਂਤ ਹੋ ਗਿਆ ਅਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ 'ਤੇ ਆ ਗਈ।

PunjabKesariਇਸ ਉਮਰ 'ਚ ਜਾਗ਼ੀ ਪੜ੍ਹਾਈ ਕਰਨ ਦੀ ਇੱਛਾ
ਸਮਾਂ ਤੇਜ਼ੀ ਨਾਲ ਲੰਘਦਾ ਰਿਹਾ ਅਤੇ ਭਾਗੀਰਥੀ ਨੇ ਆਪਣੇ ਜੀਵਨ ਦਾ ਸੈਂਕੜਾ ਪਾਰ ਕਰ ਲਿਆ। ਇਹ ਉਹ ਸਮਾਂ ਸੀ, ਜਦੋਂ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਚੁਕੀ ਸੀ। ਹੁਣ ਉਨ੍ਹਾਂ ਦੇ 6 ਬੱਚਿਆਂ ਨਾਲ 16 ਦੋਹਤੇ-ਪੋਤੇ ਅਤੇ 12 ਪੜਪੋਤੇ-ਪੜਪੋਤੀਆਂ ਵੀ ਸਨ। ਹਾਲਾਂਕਿ ਲੰਘਦੇ ਸਾਲਾਂ ਦਾ ਅਸਰ ਦਿੱਸਣ ਲੱਗਾ ਸੀ। ਅੱਖਾਂ ਦੀ ਰੋਸ਼ਨੀ ਘੱਟਣ ਲੱਗੀ, ਦੰਦ ਡਿੱਗ ਗਏ ਅਤੇ ਸਰੀਰ ਕਮਜ਼ੋਰ ਹੋਣ ਲੱਗਾ। ਇਸ ਸਭ ਦਰਮਿਆਨ ਭਾਗੀਰਥੀ ਨੇ ਦਿਲ ਦੇ ਇਕ ਕੋਨੇ 'ਚ ਦੱਬਾ ਕੇ ਰੱਖੀ ਪੜ੍ਹਾਈ ਕਰਨ ਦੀ ਇੱਛਾ ਨੂੰ ਬਾਹਰ ਕੱਢ ਲਿਆ। ਕਈ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਤੋਂ ਬਾਅਦ ਭਾਗੀਰਥੀ ਅੰਮਾ ਨੂੰ ਆਪਣੇ ਦਿਲ ਦੇ ਕਿਸੇ ਕੋਨੇ 'ਚ ਦਬੇ ਪਏ ਇਸ ਸੁਪਨੇ ਦੀ ਧੂੜ ਸਾਫ਼ ਕਰਨ ਦੀ ਇੱਛਾ ਜਾਗ਼ ਗਈ।

ਇਹ ਵੀ ਪੜ੍ਹੋ : 105 ਸਾਲ ਦੀ ਉਮਰ 'ਚ ਚੌਥੀ ਜਮਾਤ ਦੀ ਪ੍ਰੀਖਿਆ ਕੀਤੀ ਪਾਸ, ਮਿਲੇ 74.5 ਫੀਸਦੀ ਅੰਕ

74 ਫੀਸਦੀ ਅੰਕ ਕੀਤੇ ਪ੍ਰਾਪਤ
ਇਸ ਕਾਰਨ ਉਨ੍ਹਾਂ ਨੇ ਪਿਛਲੇ ਸਾਲ ਰਾਜ ਦੇ ਸਾਖਰਤਾ ਮੁਹਿੰਮ 'ਚ ਰਜਿਸਟਰੇਸ਼ਨ ਕਰਵਾਇਆ ਅਤੇ 6 ਫਰਵਰੀ ਨੂੰ ਐਲਾਨ ਕੀਤੇ ਗਏ ਨਤੀਜਿਆਂ 'ਚ ਉਨ੍ਹਾਂ ਨੇ ਚੌਥੀ ਜਮਾਤ ਦੀ ਪ੍ਰੀਖਿਆ 'ਚ 74.5 ਫੀਸਦੀ ਅੰਕਾਂ ਹਾਸਲ ਕੀਤੇ। ਆਪਣੇ ਇਕ ਪੁਰਾਣੇ ਇੰਟਰਵਿਊ 'ਚ ਭਾਗੀਰਥੀ ਨੇ ਗਣਿਤ ਨੂੰ ਸੌਖਾ ਵਿਸ਼ਾ ਦੱਸਿਆ ਸੀ ਅਤੇ ਗਣਿਤ ਦੀ ਪ੍ਰੀਖਿਆ 'ਚ 75 'ਚੋਂ 75 ਅੰਕ ਲੈ ਕੇ ਉਨ੍ਹਾਂ ਨੇ ਇਸ ਨੂੰ ਸਾਬਤ ਵੀ ਕਰ ਦਿੱਤਾ।

ਰਾਸ਼ਟਰਪਤੀ ਕਰਨਗੇ ਸਨਮਾਨਤ
8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਵੀਂ ਦਿੱਲੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਸਨਮਾਨਤ ਕਰਨਗੇ। ਇਸ ਪੁਰਸਕਾਰ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਔਰਤਾਂ ਨੂੰ ਦਿੱਤਾ ਜਾਂਦਾ ਹੈ, ਜੋ ਸਰਵਉੱਚ ਨਾਗਰਿਕ ਸਨਮਾਨ ਦੇ ਬਰਾਬਰ ਹੈ। ਨਾਰੀ ਸ਼ਕਤੀ ਪੁਰਸਕਾਰ ਸਾਲਾਨਾ ਵਿਅਕਤੀਆਂ, ਸਮੂਹਾਂ, ਸਿੱਖਿਆ ਸੰਸਥਾਵਾਂ ਨੂੰ ਮਹਿਲਾ ਮਜ਼ਬੂਤੀਕਰਨ ਦੇ ਖੇਤਰ 'ਚ ਉਨ੍ਹਾਂ ਦੀ ਅਸਾਧਾਰਨ ਕੰਮ ਨੂੰ ਲੈ ਕੇ ਦਿੱਤਾ ਜਾਂਦਾ ਹੈ। ਇਸ 'ਚ ਇਕ ਲੱਖ ਰੁਪਏ ਨਕਦ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : 105 ਸਾਲ ਦੀ ਬੇਬੇ ਦਾ ਸੁਪਨਾ ਹੋਇਆ ਪੂਰਾ, ਚੌਥੀ ਜਮਾਤ ਦੀ ਦਿੱਤੀ ਪ੍ਰੀਖਿਆ


DIsha

Content Editor

Related News