ਪੰਜਾਬ ਸਰਕਾਰ ਦੀ ਕਾਰਵਾਈ ਨੇ ਦਿਖਾ ਦਿੱਤਾ ਕਿ 'ਆਪ' ਕੱਟੜ ਦੇਸ਼ ਭਗਤ ਪਾਰਟੀ: CM ਕੇਜਰੀਵਾਲ
Tuesday, Mar 21, 2023 - 01:24 PM (IST)
ਨਵੀਂ ਦਿੱਲੀ- ਪੰਜਾਬ ਪੁਲਸ ਵਲੋਂ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਐਕਸ਼ਨ ਜਾਰੀ ਹੈ। ਇਸ ਦਰਮਿਆਨ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਭਗਵੰਤ ਮਾਨ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ, ਇਸ ਲਈ ਉਹ ਵਧਾਈ ਦੇ ਪਾਤਰ ਹਨ।
ਇਹ ਵੀ ਪੜ੍ਹੋ- ਮੰਗਾਂ ਨੂੰ ਲੈ ਕੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਜੁੱਟੇ ਕਿਸਾਨ, ਵੇਖੋ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ ਦੇਸ਼ ਭਗਤ ਪਾਰਟੀ ਹੈ। ਦੇਸ਼ ਖ਼ਿਲਾਫ਼ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਿਸੇ ਵੀ ਹਾਲਤ ਵਿਚ ਸ਼ਾਂਤੀ ਵਿਵਸਥਾ ਭੰਗ ਨਹੀਂ ਹੋਣ ਦੇਵਾਂਗੇ। ਆਮ ਆਦਮੀ ਪਾਰਟੀ (ਆਪ) ਲੋੜ ਪੈਣ 'ਤੇ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਲਈ ਤਿਆਰ ਹੈ। ਦੇਸ਼ ਦੇ ਹਿੱਤ ਲਈ ਸਾਨੂੰ ਜੋ ਕਰਨਾ ਪਵੇ, ਅਸੀਂ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਰਕਾਰ ਨਾਲ ਖੜ੍ਹੇ ਹੋ ਕੇ ਪੂਰਾ ਸਹਿਯੋਗ ਕੀਤਾ। ਮੈਂ ਵਾਹਿਗੁਰੂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਪੰਜਾਬ 'ਚ ਅਮਨ-ਸ਼ਾਂਤੀ ਬਣੇ ਰਹੇ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਤੇ ਦਲਜੀਤ ਕਲਸੀ ਦੇ ਪਾਕਿਸਤਾਨ ਨਾਲ 'ਲਿੰਕ', ਦਿੱਲੀ ਨਾਲ ਜੁੜਿਆ ਹੈ ਕੁਨੈਕਸ਼ਨ
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਮਾਮਲਾ ਪੁੱਜਾ ਹਾਈਕੋਰਟ, ਅਦਾਲਤ 'ਚ ਦਾਇਰ ਕੀਤੀ ਗਈ ਇਹ ਪਟੀਸ਼ਨ
ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਸਾਡੀ ਪੰਜਾਬ 'ਚ ਸਰਕਾਰ ਬਣੀ ਸੀ ਤਾਂ ਉਸ ਸਮੇਂ ਕੁਝ ਲੋਕ ਕਹਿੰਦੇ ਸਨ ਕਿ ਪੰਜਾਬ 'ਚ ਲਾਅ ਐਂਡ ਆਰਡਰ ਕਾਬੂ ਕਰ ਸਕੋਗੇ? ਕੇਜਰੀਵਾਲ ਨੇ ਕਿਹਾ ਕਿ ਪਿਛਲੇ 1 ਸਾਲ ਦੇ ਅੰਦਰ ਆਮ ਆਦਮੀ ਪਾਰਟੀ ਨੇ ਇਹ ਸਾਬਤ ਕਰ ਵਿਖਾਇਆ ਕਿ ਜੇਕਰ ਨੀਅਤ ਸਾਫ ਹੋਵੇ ਅਤੇ ਸਰਕਾਰ ਈਮਾਨਦਾਰ ਹੋਵੇ ਤਾਂ ਲਾਅ ਐਂਡ ਆਰਡਰ ਨੂੰ ਬਾਖੂਬੀ ਕਾਇਮ ਕੀਤਾ ਜਾ ਸਕਦਾ ਹੈ। ਪਿਛਲੀਆਂ ਸਰਕਾਰਾਂ ਵਿਚ ਗੈਂਗਸਟਰਾਂ ਨੂੰ ਸਿਆਸੀ ਸੁਰੱਖਿਆ ਪ੍ਰਾਪਤ ਸੀ। ਸਾਡੀ ਕਿਸੇ ਨਾਲ ਕੋਈ ਸੈਂਟਿੰਗ ਨਹੀਂ ਹੈ। ਸਾਡੀ ਪਾਰਟੀ ਈਮਾਨਦਾਰ ਪਾਰਟੀ ਹੈ। ਸਾਡੀ ਸਰਕਾਰ ਆਉਣ ਮਗਰੋਂ ਗੈਂਗਸਟਰਾਂ ਦੀ ਧਰ-ਪਕੜ ਸ਼ੁਰੂ ਹੋਈ। ਕਈ ਮਾਫ਼ੀਆ ਅਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਹੋਈ।