ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ’ਚ CM ਕੇਜਰੀਵਾਲ, ਕੇਂਦਰ ਸਰਕਾਰ ਨੂੰ ਕੀਤੀ ਅਪੀਲ
Wednesday, Jun 01, 2022 - 05:40 PM (IST)
ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਨੇ ਘਾਟੀ ’ਚ ਕਈ ਕਸ਼ਮੀਰੀ ਪੰਡਤਾਂ ਨੂੰ ‘ਨਿਸ਼ਾਨਾ’ ਬਣਾ ਕੇ ਕੀਤੇ ਗਏ ਕਤਲ ਦੀਆਂ ਘਟਨਾਵਾਂ ’ਤੇ ਦੁੱਖ ਜਤਾਇਆ। ਉਨ੍ਹਾਂ ਨੇ ਪੰਡਤਾਂ ਨੂੰ ਉੱਚਿਤ ਸੁਰੱਖਿਆ ਦਿੱਤੇ ਜਾਣ ਦੀ ਮੰਗ ਕੀਤੀ। ਕੇਜਰੀਵਾਲ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਅੱਤਵਾਦੀ ਤਾਕਤਾਂ ਜੰਮੂ-ਕਸ਼ਮੀਰ ’ਚ ਆਪਸੀ ਪਿਆਰ-ਮੁਹੱਬਤ ਨਹੀਂ ਚਾਹੁੰਦੀਆਂ, ਇਸ ਲਈ ਕਸ਼ਮੀਰੀ ਪੰਡਤਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕਤਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਤਲਾਂ ਨਾਲ 90 ਦੇ ਦਹਾਕੇ ’ਚ ਵਾਪਰੀਆਂ ਘਟਨਾਵਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਇਸ ਸਾਲ 16 ਕਸ਼ਮੀਰੀ ਪੰਡਤਾਂ ਦੇ ਕਤਲ ਕੀਤੇ ਜਾ ਚੁੱਕੇ ਹਨ। ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਕਸ਼ਮੀਰੀ ਪੰਡਤਾਂ ਨੂੰ ਉੱਚਿਤ ਸੁਰੱਖਿਆ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਾ ਜਾਵੇ। ਉਨ੍ਹਾਂ ਨੂੰ ਉਨ੍ਹਾਂ ਦੀ ਜਨਮ ਭੂਮੀ ’ਚ ਆਪਣੇ ਘਰ ਵਸਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।
ਕੇਜਰੀਵਾਲ ਨੇ ਕਿਹਾ ਕਿ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਕਸ਼ਮੀਰ ’ਚ ਵਸਣ ’ਚ ਕਸ਼ਮੀਰੀ ਪੰਡਤਾਂ ਦੀ ਮਦਦ ਕਰਨ। ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਜੇਕਰ ਅਸੀਂ ਇਸ ’ਚ ਕੋਈ ਵੀ ਭੂਮਿਕਾ ਨਿਭਾ ਸਕਦੇ ਹਾਂ, ਤਾਂ ਅਸੀਂ ਉਸ ਲਈ ਤਿਆਰ ਹਾਂ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਹਿੰਦੂ ਭਾਈਚਾਰੇ ਦੀ ਇਕ ਅਧਿਆਪਕਾ ਦੇ ਕਤਲ ਦੇ ਵਿਰੋਧ ’ਚ ਜੰਮੂ, ਸਾਂਬਾ ਅਤੇ ਕਠੁਆ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ’ਚ ਬੁੱਧਵਾਰ ਦੂਜੇ ਦਿਨ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ।