ਛੱਤੀਸਗੜ੍ਹ ਪੁੱਜੇ ਕੇਜਰੀਵਾਲ ਤੇ ਭਗਵੰਤ ਮਾਨ, ਔਰਤਾਂ ਨੂੰ 1000 ਰੁ. ਮਹੀਨਾ ਸਣੇ ਦਿੱਤੀਆਂ 10 ਗਾਰੰਟੀਆਂ

Saturday, Aug 19, 2023 - 05:49 PM (IST)

ਛੱਤੀਸਗੜ੍ਹ ਪੁੱਜੇ ਕੇਜਰੀਵਾਲ ਤੇ ਭਗਵੰਤ ਮਾਨ, ਔਰਤਾਂ ਨੂੰ 1000 ਰੁ. ਮਹੀਨਾ ਸਣੇ ਦਿੱਤੀਆਂ 10 ਗਾਰੰਟੀਆਂ

ਰਾਏਪੁਰ (ਭਾਸ਼ਾ)- ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਾਂਗਰਸ ਸ਼ਾਸਿਤ ਰਾਜ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁਫ਼ਤ ਬਿਜਲੀ, ਔਰਤਾਂ ਲਈ ਮਹੀਨਾਵਾਰ 'ਸਨਮਾਨ ਰਾਸ਼ੀ', ਬੇਰੁਜ਼ਗਾਰਾਂ ਨੂੰ 3 ਹਜ਼ਾਰ ਰੁਪਏ ਮਹੀਨਾਵਾਰ ਭੱਤਾ ਸਮੇਤ 10 ਗਾਰੰਟੀਆਂ ਦਾ ਐਲਾਨ ਕੀਤਾ। ਆਪਣੇ ਸੰਬੋਧਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ 'ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਗਈਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ ਅਤੇ ਜੇਕਰ ਉਹ ਛੱਤੀਸਗੜ੍ਹ 'ਚ ਸੱਤਾ 'ਚ ਆਉਂਦੀ ਹੈ ਤਾਂ ਉਹੀ ਕੰਮ ਕਰੇਗੀ।  ਉਨ੍ਹਾਂ ਨੇ ਕਿਹਾ,''ਅੱਜ ਮੈਂ ਤੁਹਾਨੂੰ 10 ਗਾਰੰਟੀਆਂ ਦੇ ਰਿਹਾ ਹਾਂ, ਜੋ ਨਕਲੀ ਮੈਨੀਫੈਸਟੋ ਜਾਂ ਸੰਕਲਪ ਪੱਤਰ ਦੀ ਤਰ੍ਹਾਂ ਨਹੀਂ ਹਨ।'' ਕੇਜਰੀਵਾਲ ਨੇ ਕਿਹਾ ਕਿ ਮਰ ਜਾਵਾਂਗੇ (ਜੇਕਰ ਨੌਬਤ ਆਈ) ਪਰ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਾਂਗੇ। ਉਨ੍ਹਾਂ ਕਿਹਾ,''ਗਾਰੰਟੀਆਂ 'ਚ ਹਰ ਘਰ 'ਚ 24 ਘੰਟੇ ਬਿਜਲੀ ਸਪਲਾਈ- 300 ਯੂਨਿਟ ਤੱਕ ਮੁਫ਼ਤ ਬਿਜਲੀ, ਨਵੰਬਰ 2023 ਤੱਕ ਪੈਂਡਿੰਗ ਬਿਜਲੀ ਬਿੱਲਾਂ ਦੀ ਮੁਆਫ਼ੀ, 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾਵਾਰ 'ਸਨਮਾਨ ਰਾਸ਼ੀ' ਅਤੇ ਸਕੂਲੀ ਬੱਚਿਆਂ ਨੂੰ ਗੁਣਵੱਤਾ ਵਾਲੀ ਮੁਫ਼ਤ ਸਿੱਖਿਆ ਸ਼ਾਮਲ ਹੈ। 

ਇਹ ਵੀ ਪੜ੍ਹੋ : ਰਾਹੁਲ ਨੇ ਲੇਹ ਤੋਂ ਪੈਂਗੋਂਗ ਝੀਲ ਤੱਕ ਚਲਾਈ ਬਾਈਕ, ਮਰਹੂਮ ਪਿਤਾ ਦੇ ਸ਼ਬਦਾਂ ਨੂੰ ਕੀਤਾ ਯਾਦ

ਕੇਜਰੀਵਾਲ ਨੇ ਕਿਹਾ,''ਦਿੱਲੀ ਦੀ ਤਰ੍ਹਾਂ 'ਆਪ' ਸਰਕਾਰ ਛੱਤੀਸਗੜ੍ਹ ਦੇ ਹਰੇਕ ਨਾਗਰਿਕ ਨੂੰ ਮੁਫ਼ਤ ਅਤੇ ਬਿਹਤਰ ਸਿਹਤ ਇਲਾਜ ਪ੍ਰਦਾਨ ਕਰੇਗੀ। ਹਰ ਪਿੰਡ ਅਤੇ ਸ਼ਹਿਰਾਂ 'ਚ ਮੁਹੱਲਾ ਕਲੀਨਿਕ, ਬੇਰੁਜ਼ਗਾਰਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਰੁਜ਼ਗਾਰ ਅਤੇ ਭੱਤਾ, ਸੀਨੀਅਰ ਨਾਗਰਿਕਾਂ ਲਈ ਮੁਫ਼ਤ ਤੀਰਥ ਯਾਤਰਾ ਅਤੇ ਛੱਤੀਸਗੜ੍ਹ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਏਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਰਤੱਵ ਦੌਰਾਨ ਸ਼ਹੀਦ ਹੋਏ ਰਾਜ ਪੁਲਸ ਮੁਲਾਜ਼ਮਾਂ ਅਤੇ ਫ਼ੌਜ ਦੇ ਜਵਾਨਾਂ (ਜੋ ਛੱਤੀਸਗੜ੍ਹ ਦੇ ਹਨ) ਦੇ ਪਰਿਵਾਰਾਂ ਨੂੰ 'ਸਨਮਾਨ ਰਾਸ਼ੀ' ਵਜੋਂ ਇਕ ਕਰੋੜ ਰੁਪਏ ਦੇਵਾਂਗਾ ਅਤੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਾਂਗੇ। ਉਨ੍ਹਾਂ ਕਿਹਾ,''10ਵੀਂ ਗਾਰੰਟੀ ਕਿਸਾਨਾਂ ਅਤੇ ਆਦਿਵਾਸੀਆਂ ਬਾਰੇ ਹੈ ਪਰ ਉਹ ਆਪਣੀ ਅਗਲੀ ਯਾਤਰਾ ਦੌਰਾਨ ਇਸ ਦਾ ਖ਼ੁਲਾਸਾ ਕਰਨਗੇ। ਕੇਜਰੀਵਾਲ ਨਾਲ 'ਆਪ' ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਨ। 'ਆਪ' ਨੇ 2018 'ਚ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਆਪਣੀ ਕਿਸਮਤ ਅਜਮਾਈ ਅਤੇ 90 'ਚੋਂ 85 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਪਰ ਸਫ਼ਲਤਾ ਹਾਸਲ ਨਹੀਂ ਕਰ ਸਕੀ।

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ,''ਅੱਜ ਸਾਡੀ ਸਰਕਾਰ ਨੂੰ ਪੰਜਾਬ 'ਚ ਸਵਾ ਸਾਲ ਹੋਏ ਹਨ। ਅਸੀਂ ਮੁਫ਼ਤ ਬਿਜਲੀ ਦੀ ਗਾਰੰਟੀ ਦਿੱਤੀ ਸੀ, ਅੱਜ ਉੱਥੇ ਲਗਭਗ 90 ਘਰਾਂ ਦਾ ਬਿੱਲ ਜ਼ੀਰੋ ਹੈ। ਅਸੀਂ ਰੁਜ਼ਗਾਰ ਦੀ ਗਾਰੰਟੀ ਦਿੱਤੀ ਸੀ, ਹੁਣ ਤੱਕ ਅਸੀਂ 31 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। ਅੱਜ ਪੰਜਾਬ ਦੀ ਜਨਤਾ ਦੀ ਬਚਤ ਵੀ ਹੋ ਰਹੀ ਹੈ ਅਤੇ ਆਪਣਾ ਖਰਚ ਕੱਢਣ 'ਚ ਮਦਦ ਵੀ।'' ਸੀ.ਐੱਮ. ਮਾਨ ਨੇ ਕਿਹਾ,''ਪੰਜਾਬ 'ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 2.5 ਲੱਖ ਬੱਚਿਆਂ ਨੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਲਿਆ। 72 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਸਿੰਗਾਪੁਰ 'ਚ ਟਰੇਨਿੰਗ ਹੋਈ। ਹੈੱਡ ਮਾਸਟਰਾਂ ਦੀ ਆਈ.ਆਈ.ਐੱਮ. ਅਹਿਮਦਾਬਾਦ 'ਚ ਟਰੇਨਿੰਗ ਹੋਈ। ਸਰਕਾਰੀ ਸਕੂਲਾਂ ਦੇ ਬੱਚੇ ਚੰਦਰਯਾਨ 3 ਦੀ ਲਾਂਚਿੰਗ ਦੇਖਣ ਗਏ ਸਨ। ਕੱਚੇ ਅਧਿਆਪਕ ਪੱਕੇ ਹੋਏ। 'ਆਪ' ਸਰਕਾਰ ਨੇ ਪੰਜਾਬ 'ਚ ਸਵਾ ਸਾਲ 'ਚ ਇਤਿਹਾਸਕ ਕੰਮ ਕਰ ਕੇ ਦਿਖਾ ਦਿੱਤੇ ਹਨ।'' ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ 'ਚ ਇਕ ਸਾਲ 'ਚ ਹੀ 650 ਤੋਂ ਵੱਧ ਮੁਹੱਲਾ ਕਲੀਨਿਕ ਬਣਾਏ ਗਏ ਹਨ। 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News