ਕੇਜਰੀਵਾਲ ਅਤੇ ਭਗਵੰਤ ਮਾਨ ਨੇ ਭਗਵਾਨ ਸਵਾਮੀਨਾਰਾਇਣ ਜੀ ਦੇ ਮੰਦਰ 'ਚ ਮੱਥਾ ਟੇਕਿਆ

Sunday, Apr 03, 2022 - 01:02 PM (IST)

ਕੇਜਰੀਵਾਲ ਅਤੇ ਭਗਵੰਤ ਮਾਨ ਨੇ ਭਗਵਾਨ ਸਵਾਮੀਨਾਰਾਇਣ ਜੀ ਦੇ ਮੰਦਰ 'ਚ ਮੱਥਾ ਟੇਕਿਆ

ਅਹਿਮਦਾਬਾਦ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਉਨ੍ਹਾਂ ਦੇ ਹਮਰੁਤਬਾ ਭਗਵੰਤ ਮਾਨ ਨੇ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੇ ਆਖਰੀ ਦਿਨ ਐਤਵਾਰ ਨੂੰ ਅਹਿਮਦਾਬਾਦ ਦੇ ਸ਼ਾਹੀਬਾਗ ਇਲਾਕੇ 'ਚ ਸਥਿਤ ਸਵਾਮੀਨਾਰਾਇਣ ਮੰਦਰ ਵਿਚ ਪੂਜਾ ਅਰਚਨਾ ਕੀਤੀ। ਇਸ ਤੋਂ ਪਹਿਲਾਂ, ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਅਹਿਮਦਾਬਾਦ ਦੇ ਨਿਕੋਲ ਖੇਤਰ ਦੇ ਇਕ ਮੰਦਰ ਵਿਚ ਮੱਥਾ ਟੇਕਿਆ ਸੀ ਅਤੇ ਰੋਡ ਸ਼ੋਅ ਕੀਤਾ ਸੀ, ਜਿਸ ਨੂੰ ਗੁਜਰਾਤ 'ਚ ਦਸੰਬਰ 'ਚ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਲਈ 'ਆਪ' ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਦੇਖਿਆ ਜਾ ਰਿਹਾ ਹੈ। ਐਤਵਾਰ ਨੂੰ ਸਵਾਮੀਨਾਰਾਇਣ ਮੰਦਰ ਜਾਣ ਦੌਰਾਨ ਇਸੁਦਾਨ ਗੜਵੀ ਅਤੇ ਗੋਪਾਲ ਇਟਾਲੀਆ ਸਮੇਤ ਪਾਰਟੀ ਦੇ ਗੁਜਰਾਤ ਇਕਾਈ ਦੇ ਕਈ ਨੇਤਾ ਵੀ ਕੇਜਰੀਵਾਲ ਅਤੇ ਮਾਨ ਨਾਲ ਸਨ। 'ਆਪ' ਦੀ ਗੁਜਰਾਤ ਇਕਾਈ ਵਲੋਂ ਸਾਂਝੇ ਕੀਤੇ ਗਏ ਪ੍ਰੋਗਰਾਮ ਅਨੁਸਾਰ, ਕੇਜਰੀਵਾਲ ਅਤੇ ਮਾਨ ਐਤਵਾਰ ਸ਼ਾਮ ਦਿੱਲੀ ਰਵਾਨਾ ਹੋਣਗੇ। 

PunjabKesari

ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਸ਼ਨੀਵਾਰ ਨੂੰ ਗਾਂਧੀ ਆਸ਼ਰਮ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਆਪਣਾ ਅਹਿਮਦਾਬਾਦ ਦੌਰੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਨਿਕੋਲ ਅਤੇ ਬਾਪੂਨਗਰ 'ਚ ਰੋਡ ਸ਼ੋਅ ਵੀ ਕੀਤਾ ਸੀ, ਜਿਸ 'ਚ ਵੱਡੀ ਗਿਣਤੀ 'ਚ ‘ਆਪ’ ਵਰਕਰ ਅਤੇ ਸਮਰਥਕ ਸ਼ਾਮਲ ਹੋਏ ਸਨ। ਰੋਡ ਸ਼ੋਅ ਤੋਂ ਬਾਅਦ ਕੇਜਰੀਵਾਲ ਨੇ ਸੂਬੇ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ 'ਤੇ ਹੰਕਾਰੀ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਗੁਜਰਾਤ ਦੇ ਲੋਕਾਂ ਨੂੰ 'ਆਪ' ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣ ਦੀ ਅਪੀਲ ਕੀਤੀ। ਪੰਜਾਬ 'ਚ ਹਾਲ ਹੀ 'ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ 'ਚ ਖਿੱਚੋਤਾਣ ਦੇ ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਉਤਸ਼ਾਹਿਤ 'ਆਪ' ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ 'ਚ ਸੱਤਾਧਾਰੀ ਭਾਜਪਾ ਦੇ ਇਕਮਾਤਰ ਵਿਕਲਪ ਵਜੋਂ ਆਪਣੇ ਆਪ ਨੂੰ ਪੇਸ਼ ਕਰਨਾ ਹੈ।


author

DIsha

Content Editor

Related News