ਗੰਗਾ ’ਚ ਇਸ਼ਨਾਨ ਕਰਦੇ ਸਮੇ ਪਰਿਵਾਰ ਦੇ 4 ਮੈਂਬਰ ਡੁੱਬੇ, ਇਕ ਦੀ ਮੌਤ
Monday, Jan 06, 2025 - 09:51 PM (IST)
ਕੌਸ਼ਾਂਬੀ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲੇ ਦੇ ਕੜਾ ਧਾਮ ਥਾਣਾ ਖੇਤਰ ’ਚ ਸੋਮਵਾਰ ਗੰਗਾ ’ਚ ਇਸ਼ਨਾਨ ਕਰਦੇ ਸਮੇਂ ਇਕ ਹੀ ਪਰਿਵਾਰ ਦੇ 4 ਮੈਂਬਰ ਡੁੱਬ ਗਏ। ਇਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ ਤੇ ਇਕ ਹੋਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 2 ਲਾਪਤਾ ਹਨ।
ਪੁਲਸ ਅਨੁਸਾਰ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਰਾਤ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਥਾਣਾ ਸਦਰ ਦੇ ਮੁਖੀ ਧਰਿੰਦਰ ਸਿੰਘ ਨੇ ਦੱਸਿਆ ਕਿ ਦਾਰਾਨਗਰ ਵਾਸੀ ਜੇ. ਕੇ. ਮਿਸ਼ਰਾ ਆਪਣੇ ਪਰਿਵਾਰ ਨਾਲ ਸੋਮਵਾਰ ਆਪਣੇ ਪਿਤਾ ਮਨਮੋਹਨ ਮਿਸ਼ਰਾ ਦਾ ਸ਼ਰਾਧ ਕਰਨ ਆਏ ਸਨ। ਉਨ੍ਹਾਂ ਦੀ 10 ਦਿਨ ਪਹਿਲਾਂ ਮੌਤ ਹੋ ਗਈ ਸੀ।
ਜੇ. ਕੇ. ਮਿਸ਼ਰਾ (50) ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਜਨਾਰਦਨ (45), ਪੁੱਤਰ ਸ਼ਿਖਰ (28) ਤੇ ਭਤੀਜਾ ਰਿਸ਼ਭ ਮਿਸ਼ਰਾ (20) ਵੀ ਸਨ। ਮੁੰਡਨ ਸੰਸਕਾਰ ਕਰਵਾਉਣ ਤੋਂ ਬਾਅਦ ਸਾਰੇ ਗੰਗਾ ’ਚ ਇਸ਼ਨਾਨ ਕਰਨ ਲੱਗੇ। ਡੂੰਘੇ ਪਾਣੀ ’ਚ ਚਲੇ ਜਾਣ 'ਤੇ ਚਾਰੋਂ ਡੁੱਬ ਗਏ।
ਸਥਾਨਕ ਲੋਕਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਜੇ. ਕੇ. ਮਿਸ਼ਰਾ ਤੇ ਉਸ ਦੇ ਪੁੱਤਰ ਸ਼ਿਖਰ ਨੂੰ ਬਾਹਰ ਕੱਢ ਲਿਆ। ਦੋਵਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਭੇਜ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਜੇ. ਕੇ. ਮਿਸ਼ਰਾ ਦੀ ਮੌਤ ਹੋ ਗਈ। ਜਨਾਰਦਨ ਮਿਸ਼ਰਾ ਤੇ ਉਸ ਦੇ ਪੁੱਤਰ ਰਿਸ਼ਭ ਦਾ ਕੋਈ ਪਤਾ ਨਹੀਂ ਲੱਗਾ।