ਕੌਸ਼ਲਿਆ ਨੰਦ ਗਿਰੀ ਨੇ ਛੱਡਿਆ ਕਿੰਨਰ ਅਖਾੜਾ , ਬਣਾਇਆ ‘ਸਨਾਤਨੀ ਕਿੰਨਰ ਅਖਾੜਾ’
Tuesday, Nov 04, 2025 - 01:30 AM (IST)
            
            ਪ੍ਰਯਾਗਰਾਜ - ਮਹਾਂਕੁੰਭ ਮੇਲੇ ਦੌਰਾਨ ਸਭ ਤੋਂ ਵੱਧ ਖ਼ਬਰਾਂ ’ਚ ਰਹਿਣ ਵਾਲਾ ਕਿੰਨਰ ਅਖਾੜਾ ਦੋਫਾੜ ਹੋ ਗਿਆ ਹੈ। ਅਖਾੜੇ ਦੀ ਮਹਾਂਮੰਡਲੇਸ਼ਵਰ ਤੇ ਉੱਤਰ ਪ੍ਰਦੇਸ਼ ਕਿੰਨਰ ਭਲਾਈ ਬੋਰਡ ਦੀ ਮੈਂਬਰ ਕੌਸ਼ਲਿਆ ਨੰਦ ਗਿਰੀ ਉਰਫ਼ ਟੀਨਾ ਮਾਂ ਨੇ ਸੋਮਵਾਰ ਅਖਾੜੇ ਤੋਂ ਅਸਤੀਫ਼ਾ ਦੇ ਦਿੱਤਾ ਤੇ ਇਕ ਨਵਾਂ ਅਖਾੜਾ ‘ਸਨਾਤਨੀ ਕਿੰਨਰ ਅਖਾੜਾ’ ਬਣਾਉਣ ਦਾ ਐਲਾਨ ਕੀਤਾ। ਟੀਨਾ ਮਾਂ ਨੇ ਕਿਹਾ ਕਿ ਕਿੰਨਰ ਅਖਾੜਾ ਉਸ ਰਸਤੇ ਤੋਂ ਭਟਕ ਗਿਆ ਹੈ ਜਿਸ ਲਈ ਇਸ ਨੂੰ ਬਣਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਸਾਡੀ ਵਿਚਾਰਧਾਰਾ ਹੁਣ ਇਸ ਨਾਲ ਮੇਲ ਨਹੀਂ ਖਾਂਦੀ, ਇਸ ਲਈ ਅਸੀਂ ਸਨਾਤਨ ਧਰਮ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਇਕ ਨਵਾਂ ਅਖਾੜਾ ਬਣਾਇਆ ਹੈ। ਅਸੀਂ ਪਿੱਛੇ ਨਹੀਂ ਹਟਾਂਗੇ ਭਾਵੇਂ ਸਾਨੂੰ ਇਸ ਲਈ ਆਪਣੀ ਜਾਨ ਵੀ ਕਿਉਂ ਨਾ ਕੁਰਬਾਨ ਕਰਨੀ ਪਵੇ।
ਟੀਨਾ ਮਾਂ ਲਗਭਗ 40 ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਸੇਵਾ-ਸੰਭਾਲ ਰਹੀ ਹੈ। ਉਹ ਉਨ੍ਹਾਂ ਨੂੰ ਸਿੱਖਿਆ ਦੇ ਰਹੀ ਹੈ। ਉਸ ਨੇ ਆਧਾਰ ਕਾਰਡਾਂ ’ਤੇ ਆਪਣੇ ਆਪ ਨੂੰ ਉਨ੍ਹਾਂ ਦੇ ਸਰਪ੍ਰਸਤ ਵਜੋਂ ਦਰਜ ਕਰਵਾਇਆ ਹੈ।
ਉਨ੍ਹਾਂ ਦੱਸਿਆ ਕਿ ਨਵੇਂ ਅਖਾੜੇ ਦਾ ਤਾਜਪੋਸ਼ੀ ਸਮਾਰੋਹ 4 ਨਵੰਬਰ ਨੂੰ ਹੋਵੇਗਾ। ਇਸ ਦੌਰਾਨ ਕਿੰਨਰ ਅਖਾੜੇ ਦੇ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਹੀ ਨਵੇਂ ਅਖਾੜੇ ਦੇ ਗਠਨ ਬਾਰੇ ਪਤਾ ਲੱਗਾ ਹੈ। ਇਹ ਦੱਸਿਆ ਗਿਆ ਹੈ ਕਿ ਟੀਨਾ ਮਾਂ ਤੇ ਡਾ. ਤ੍ਰਿਪਾਠੀ ਦਰਮਿਅਾਨ ਮਤਭੇਦ ਮਹਾਂਕੁੰਭ ਮੇਲੇ ਦੌਰਾਨ ਸ਼ੁਰੂ ਹੋਏ ਸਨ, ਜਿਸ ਕਾਰਨ ਅਖਾੜੇ ’ਚ ਅੰਦਰੂਨੀ ਤਣਾਅ ਵਧ ਗਿਆ ਸੀ।
