ਕਠੁਆ ਗੈਂਗਰੇਪ ਕੇਸ; SC ਨੇ ਦੋਸ਼ੀ ਨੂੰ ਨਹੀਂ ਮੰਨਿਆ ਨਾਬਾਲਗ, ਹੁਣ ਬਾਲਗ ਦੇ ਤੌਰ ’ਤੇ ਚੱਲੇਗਾ ਮੁਕੱਦਮਾ
Wednesday, Nov 16, 2022 - 04:15 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕਠੁਆ ਗੈਂਗਰੇਪ ਅਤੇ ਕਤਲ ਦੇ ਦੋਸ਼ੀ ਨੂੰ ਨਾਬਾਲਗ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਕਠੁਆ ’ਚ 8 ਸਾਲ ਦੀ ਬੱਚੀ ਨਾਲ ਸਮੂਹਿਕ ਗੈਂਗਰੇਪ ਅਤੇ ਉਸ ਦੇ ਕਤਲ ਦੇ ਸਨਸਨੀਖੇਜ਼ ਮਾਮਲੇ ਦਾ ਦੋਸ਼ੀ ਨਾਬਾਲਗ ਨਹੀਂ ਹੈ ਅਤੇ ਹੁਣ ਉਸ ਦੇ ਖਿਲਾਫ਼ ਬਾਲਗ ਦੇ ਤੌਰ ’ਤੇ ਨਵੇਂ ਸਿਰਿਓਂ ਮੁਕੱਦਮਾ ਚਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਭਾਜਪਾ ’ਤੇ ਲਾਇਆ ਉਮੀਦਵਾਰ ਨੂੰ ਅਗਵਾ ਕਰਨ ਦਾ ਇਲਜ਼ਾਮ, ਬੋਲੇ- ‘ਇਹ ਲੋਕਤੰਤਰ ਦਾ ਕਤਲ’
ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਸੰਵਿਧਾਨਕ ਸਬੂਤਾਂ ਦੀ ਘਾਟ ’ਚ ਕਿਸੇ ਦੋਸ਼ੀ ਦੀ ਉਮਰ ਦੇ ਸਬੰਧ ’ਚ ਮੈਡੀਕਲ ਰਾਏ ਨੂੰ ‘ਦਰਕਿਨਾਰ’ ਨਹੀਂ ਕੀਤਾ ਜਾ ਸਕਦਾ। ਜਸਟਿਸ ਅਜੇ ਰਸਤੋਗੀ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਕਿਹਾ ਕਿ ਦੋਸ਼ੀ ਦੀ ਉਮਰ ਹੱਦ ਤੈਅ ਕਰਨ ਲਈ ਕਿਸੇ ਹੋਰ ਫ਼ੈਸਲਾਕੁੰਨ ਸਬੂਤ ਦੀ ਘਾਟ ’ਚ ਮੈਡੀਕਲ ਰਾਏ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਮੈਡੀਕਲ ਸਬੂਤ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂ, ਇਹ ਸਬੂਤ ਦੀ ਅਹਿਮੀਅਤ ’ਤੇ ਨਿਰਭਰ ਕਰਦਾ ਹੈ।
ਬੈਂਚ ਨੇ ਕਠੁਆ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਅਤੇ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਸੀ ਕਿ ਮਾਮਲੇ ਵਿਚ ਦੋਸ਼ੀਆਂ ’ਚ ਸ਼ਾਮਲ ਸ਼ੁੱਭਮ ਸਾਂਗਰਾ ਅਪਰਾਧ ਹੋਣ ਦੇ ਸਮੇਂ ਨਾਬਾਲਗ ਸੀ ਅਤੇ ਇਸ ਲਈ ਉਸ ’ਤੇ ਵੱਖ ਤੋਂ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਜਸਟਿਸ ਪਾਰਦੀਵਾਲਾ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਸੀਂ ਮੁੱਖ ਨਿਆਂਇਕ ਮੈਜਿਸਟ੍ਰੇਟ ਕਠੁਆ ਅਤੇ ਹਾਈ ਕਰੋਟ ਦੇ ਫ਼ੈਸਲਿਆਂ ਨੂੰ ਦਰਕਿਨਾਰ ਕਰਦੇ ਹਾਂ ਅਤੇ ਫ਼ੈਸਲਾ ਸੁਣਾਉਂਦੇ ਹਾਂ ਕਿ ਅਪਰਾਧ ਦੇ ਸਮੇਂ ਦੋਸ਼ੀ ਨਾਬਾਲਗ ਨਹੀਂ ਸੀ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’
ਕੀ ਹੈ ਪੂਰਾ ਮਾਮਲਾ-
ਨਾਬਾਲਗ ਬੱਚੀ ਦਾ 10 ਜਨਵਰੀ 2018 ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਨੂੰ ਪਿੰਡ ਦੇ ਇਕ ਛੋਟੇ ਜਿਹੇ ਮੰਦਰ ਵਿਚ ਬੰਧਕ ਬਣਾ ਕੇ ਰੱਖਿਆ ਗਿਆ ਸੀ ਅਤੇ ਉਸ ਨੂੰ 4 ਦਿਨਾਂ ਤੱਕ ਨਸ਼ਾ ਦੇ ਕੇ ਉਸ ਨਾਲ ਸਮੂਹਿਕ ਗੈਂਗਰੇਪ ਕੀਤਾ ਗਿਆ ਸੀ। ਬਾਅਦ ’ਚ ਉਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਇਕ ਵਿਸ਼ੇਸ਼ ਅਦਾਲਤ ਨੇ ਜੂਨ 2019 ਵਿਚ ਇਸ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਦੋਸ਼ ’ਚ ਤਿੰਨ ਪੁਲਸ ਮੁਲਾਜ਼ਮਾਂ ਨੂੰ 5-5 ਸਾਲ ਦੀ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਪਰ ਸਾਂਗਰਾ ਖ਼ਿਲਾਫ਼ ਕੇਸ ਜੁਵੇਨਾਈਲ ਜਸਟਿਸ ਬੋਰਡ ਨੂੰ ਟਰਾਂਸਫਰ ਕਰ ਦਿੱਤਾ ਗਿਆ।