ISIS ਲਿੰਕ 'ਚ ਕਸ਼ਮੀਰੀ ਜੋੜੇ ਦੀ ਗ੍ਰਿਫਤਾਰੀ, ਭੈਣ ਬੋਲੀ- 'ਮੇਰੇ ਭਰਾ ਅੱਤਵਾਦੀ ਨਹੀਂ'
Thursday, Mar 12, 2020 - 11:01 AM (IST)
ਸ਼੍ਰੀਨਗਰ— ਬੀਤੇ ਦਿਨੀਂ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਦਿੱਲੀ ਦੇ ਓਖਲਾ ਤੋਂ ਕਸ਼ਮੀਰੀ ਜੋੜੇ ਨੂੰ ਗ੍ਰਿਫਤਾਰ ਕੀਤਾ ਸੀ। ਇਸ ਜੋੜੇ ਦੀ ਪਛਾਣ ਜਹਾਂਜੇਬ ਸਾਮੀ ਅਤੇ ਉਸ ਦੀ ਪਤਨੀ ਹੀਨਾ ਬਸ਼ੀਰ ਬੇਗ ਦੇ ਤੌਰ 'ਤੇ ਕੀਤੀ ਗਈ। ਜੋੜੇ ਨੂੰ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੋਧੀ ਦੰਗੇ ਭੜਕਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ 'ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨਾਲ ਸੰਬੰਧ ਰੱਖਣ ਦਾ ਦੋਸ਼ ਹੈ। ਪੁਲਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ। ਓਧਰ ਸਾਮੀ ਵਾਨੀ ਦੀ ਭੈਣ ਸਹਿਰੀਸ਼ ਨੇ ਕਿਹਾ ਉਸ ਦਾ ਭਰਾ ਸਟਾਰਟਅਪ ਫਾਊਂਡਰ ਹੈ ਅਤੇ ਉਸ ਦਾ ਅੱਤਵਾਦੀ ਸੰਗਠਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਉਹ ਅੱਤਵਾਦੀ ਹੈ। ਭੈਣ ਨੇ ਇਹ ਵੀ ਕਿਹਾ ਕਿ ਕਸ਼ਮੀਰ 'ਚ ਇੰਟਰਨੈੱਟ ਬੰਦ ਹੋਣ ਤੋਂ ਬਾਅਦ ਉਸ ਦੇ ਭਰਾ ਨੂੰ ਆਪਣਾ ਕੰਮ ਚਲਾਉਣ ਲਈ ਦਿੱਲੀ ਜਾਣਾ ਪਿਆ।
ਦਿੱਲੀ ਪੁਲਸ ਮੁਤਾਬਕ ਜਹਾਜੇਬ ਵਾਨੀ ਅਤੇ ਉਸ ਦੀ ਪਤਨੀ ਹੀਨਾ ਆਈ. ਐੱਸ. ਆਈ. ਐੱਸ. ਲਈ ਆਈ. ਟੀ. ਪ੍ਰੋਫੈਸ਼ਨਲ ਦੇ ਤੌਰ 'ਤੇ ਕੰਮ ਕਰ ਰਹੇ ਸਨ। ਸ਼੍ਰੀਨਗਰ ਦੇ ਚੰਗੇ ਸਕੂਲ 'ਚ ਪੜ੍ਹਾਈ ਕਰਨ ਵਾਲੇ, ਕ੍ਰਿਕਟ ਖੇਡਣ ਅਤੇ ਸਾਫਟਵੇਅਰ ਕੰਪਨੀ ਸ਼ੁਰੂ ਕਰਨ ਵਾਲੇ ਜਹਾਂਜੇਬ ਨੇ ਹਾਲ ਹੀ 'ਚ ਕਸ਼ਮੀਰ ਛੱਡਿਆ ਸੀ। ਸਾਮੀ ਦੀ ਭੈਣ ਨੇ ਇਹ ਵੀ ਕਿਹਾ ਕਿ ਮੇਰੇ ਭਰਾ ਦਾ ਕੋਈ ਪੁਰਾਣਾ ਪੁਲਸ ਰਿਕਾਰਡ ਜਾਂ ਕੋਈ ਕਟੜਪੰਥੀ ਝੁਕਾਅ ਨਹੀਂ ਹੈ। ਦੂਜੇ ਮੁਸਲਮਾਨ ਵਾਂਗ ਮੇਰਾ ਭਰਾ ਅਤੇ ਭਰਜਾਈ ਵੀ ਕੁਰਾਨ ਅਤੇ ਹੋਰ ਧਾਰਮਿਕ ਕਿਤਾਬਾਂ ਪੜ੍ਹਦੇ ਹਨ। ਇਹ ਇਤਰਾਜ਼ਯੋਗ ਕਿਤਾਬ ਹੋ ਗਈ? ਕੀ ਧਾਰਮਿਕ ਸਾਹਿਤ ਪੜ੍ਹਨਾ ਵੀ ਅਪਰਾਧ ਹੈ? ਭੈਣ ਨੇ ਦੱਸਿਆ ਕਿ ਪਿਛਲੇ ਸਾਲ 5 ਅਗਸਤ ਨੂੰ ਇੰਟਰਨੈੱਟ ਬੈਨ ਤੋਂ ਬਾਅਦ ਉਸ ਦੇ ਭਰਾ ਨੂੰ ਆਪਣਾ ਸਟਾਰਟਅਪ ਬੰਦ ਕਰਨਾ ਪਿਆ ਅਤੇ ਇਕ ਆਈ. ਟੀ. ਕੰਪਨੀ 'ਚ ਨੌਕਰੀ ਕਰਨੀ ਪਈ। ਸਹਿਰੀਸ਼ ਨੇ ਦੱਸਿਆ ਕਿ 6 ਅਕਤੂਬਰ ਨੂੰ ਜਹਾਂਜੇਬ ਅਤੇ ਹੀਨਾ ਦਾ ਵਿਆਹ ਹੋਇਆ ਅਤੇ ਉਹ ਦੋਵੇਂ 26 ਅਕਤੂਬਰ ਤੋਂ ਦਿੱਲੀ ਵਿਚ ਰਹਿਣ ਲੱਗੇ। ਜਿਸ ਕੰਪਨੀ 'ਚ ਇਹ ਲੋਕ ਕੰਮ ਕਰਦੇ ਹਨ, ਉਨ੍ਹਾਂ ਨੇ ਹੀ ਇਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ। ਫਿਲਹਾਲ ਜਹਾਂਜੇਬ ਦੇ ਪਿਤਾ ਅਤੇ ਉਨ੍ਹਾਂ ਦੇ ਸਹੁਰੇ ਕਾਨੂੰਨੀ ਰਸਤੇ ਦੀ ਭਾਲ 'ਚ ਹਨ।
ਇਹ ਵੀ ਪੜ੍ਹੋ : ਦਿੱਲੀ ਦੰਗੇ ਭੜਕਾਉਣ ਪਿੱਛੇ ਸੀ ਇਸ ISIS ਜੋੜੇ ਦਾ ਹੱਥ, ਵੱਡੇ ਹਮਲੇ ਦੀ ਚਲ ਰਹੀ ਸੀ ਤਿਆਰੀ