ਹੁਣ ਤੀਜੀ ਜਮਾਤ ਦੇ ਬੱਚਿਆਂ ਨੂੰ ਮੁਖਬਰ ਬਣਾ ਰਹੇ ਹਨ ਅੱਤਵਾਦੀ

Thursday, Dec 05, 2019 - 10:09 AM (IST)

ਹੁਣ ਤੀਜੀ ਜਮਾਤ ਦੇ ਬੱਚਿਆਂ ਨੂੰ ਮੁਖਬਰ ਬਣਾ ਰਹੇ ਹਨ ਅੱਤਵਾਦੀ

ਸ਼੍ਰੀਨਗਰ— ਕਸ਼ਮੀਰ ਵਿਚ ਜਬਰੀ ਬੰਦ ਲਾਗੂ ਕਰਵਾਉਣ ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ 'ਤੇ ਪੈਟਰੋਲ ਬੰਬ ਨਾਲ ਹਮਲੇ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਅੱਤਵਾਦੀਆਂ ਨੇ ਛੋਟੇ-ਛੋਟੇ ਬੱਚਿਆਂ ਨੂੰ ਮੁਖਬਰ ਬਣਾ ਕੇ ਉਨ੍ਹਾਂ ਨੂੰ ਤਬਾਹੀ ਦੇ ਰਾਹ ਵਲ ਧੱਕਣਾ ਸ਼ੁਰੂ ਕਰ ਦਿੱਤਾ ਹੈ। ਅੱਤਵਾਦੀਆਂ ਦੀ ਉਕਤ ਘਿਨਾਉਣੀ ਸਾਜ਼ਿਸ਼ ਦਾ ਖੁਲਾਸਾ ਸ਼੍ਰੀਨਗਰ ਦੇ ਡਾਊਨਟਾਊਨ ਵਿਖੇ ਹੋਇਆ। ਇਥੇ ਸੁਰੱਖਿਆ ਫੋਰਸਾਂ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਘਟਨਾ ਵਿਚ ਸ਼ਾਮਲ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਤੀਜੀ ਜਮਾਤ ਦੇ ਇਕ ਬੱਚੇ ਨੂੰ ਫੜਿਆ ਗਿਆ। ਬੱਚੇ ਦੀ ਕੌਂਸਲਿੰਗ ਕਰਨ ਪਿੱਛੋਂ ਉਸ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।

ਤੀਜੀ ਜਮਾਤ ਦਾ ਬੱਚਾ ਮੁਖਬਰ
ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ 5 ਅੱਤਵਾਦੀਆਂ ਦਾ ਇਕ ਗਰੁੱਪ ਡਾਊਨ ਟਾਊਨ ਵਿਚ ਦੁਕਾਨਾਂ ਜਬਰੀ ਬੰਦ ਕਰਵਾ ਰਿਹਾ ਸੀ। ਇਸ ਗਰੁੱਪ ਨੇ ਪੱਥਰਬਾਜ਼ੀ ਦੀਆਂ ਕਈ ਘਟਨਾਵਾਂ ਵਿਚ ਹਿੱਸਾ ਲਿਆ। ਗਰੁੱਪ ਦੇ ਤੀਜੀ ਜਮਾਤ ਦੇ ਇਕ ਬੱਚੇ ਨੂੰ ਆਪਣਾ ਮੁਖਬਰ ਬਣਾਇਆ ਹੋਇਆ ਸੀ। ਇਹ ਬੱਚਾ ਸੁਰੱਖਿਆ ਫੋਰਸਾਂ ਦੀ ਵੱਖ-ਵੱਖ ਥਾਵਾਂ 'ਤੇ ਮੌਜੂਦਗੀ ਬਾਰੇ ਉਕਤ ਗਰੁੱਪ ਨੂੰ ਜਾਣਕਾਰੀ ਦਿੰਦਾ ਸੀ। ਉਸ ਤੋਂ ਬਾਅਦ ਗਰੁੱਪ ਵਲੋਂ ਜਵਾਨਾਂ 'ਤੇ ਹਮਲੇ ਕੀਤੇ ਜਾਂਦੇ ਸਨ। ਪੁਲਸ ਨੇ ਇਸ ਗਰੁੱਪ ਵਿਚ ਸ਼ਾਮਲ 5 ਅੱਤਵਾਦੀਆਂ ਦੀ ਪਛਾਣ ਨਹੀਂ ਦੱਸੀ ਅਤੇ ਕਿਹਾ ਕਿ ਅਜੇ ਜਾਂਚ ਚੱਲ ਰਹੀ ਹੈ। ਪਛਾਣ ਉਜਾਗਰ ਕਰਨ 'ਤੇ ਜਾਂਚ ਪ੍ਰਭਾਵਿਤ ਹੋ ਸਕਦੀ ਹੈ।


author

DIsha

Content Editor

Related News