ਕਸ਼ਮੀਰ ''ਚ ਸ਼ਾਂਤੀ ਦੀਆਂ ਕਰੂੰਬਲਾਂ ਲੱਗੀਆਂ ਫੁੱਟਣ : ਮਹਿਬੂਬਾ ਮੁਫਤੀ

09/27/2017 3:24:00 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਅੱਤਵਾਦ ਪ੍ਰਭਾਵਿਤ ਸੂਬਿਆਂ 'ਚ ਹੁਣ ਸ਼ਾਂਤੀ ਦੀਆਂ ਕਰੂੰਬਲਾਂ ਫੁੱਟਣ ਲੱਗੀਆਂ ਹਨ ਅਤੇ ਸਰਕਾਰ ਹੁਣ ਇਹ ਯਕੀਨੀ ਬਣਾਉਣ ਲੱਗੀ ਹੈ ਕਿ ਸੂਬੇ ਦੇ ਲੋਕ ਸਨਮਾਨਜਨਕ ਜੀਵਨ ਬਿਤਾ ਸਕਣ।
ਮੁੱਖ ਮੰਤਰੀ ਨੇ ਕਸ਼ਮੀਰੀਆਂ ਤੱਕ ਪਹੁੰਚ ਬਣਾਉਣ ਦੇ ਕੇਂਦਰ ਅਤੇ ਸੱਤਾਧਾਰੀ ਪਾਰਟੀ ਦੇ ਹਾਲ ਹੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਸਿਲਸਿਲੇ 'ਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਜ਼ਾਦੀ ਦਿਹਾੜੇ 'ਤੇ ਲਾਲ ਕਿਲੇ ਦੀ ਫਸੀਲ ਤੋਂ ਦਿੱਤੇ ਗਏ ਭਾਸ਼ਣ ਦਾ ਜ਼ਿਕਰ ਕੀਤਾ, ਜਿਸ 'ਚ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਕਿਹਾ ਸੀ ਕਿ ਉਹ ਕਸ਼ਮੀਰੀਆਂ ਨੂੰ ਗਲੇ ਲਗਾਉਣ। 
ਇਸ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੇ ਪੱਖਾਂ ਨਾਲ ਗੱਲਬਾਤ ਦੀ ਇੱਛੁਕ ਹੈ ਅਤੇ ਫਿਰ ਭਾਜਪਾ ਨੇਤਾ ਰਾਮ ਮਾਧਵ ਨੇ ਕਿਹਾ ਕਿ ਕਿਸੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਇਕ ਵਾਰ ਫਿਰ ਗਰੀਬ ਕਸ਼ਮੀਰੀ ਨੌਜਵਾਨ ਬਿਲਾਲ ਡਾਰ ਦਾ ਜ਼ਿਕਰ ਕੀਤਾ ਅਤੇ ਇਕ ਝੀਲ ਦੀ ਸਫਾਈ ਕਰਨ 'ਚ ਉਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਕਸ਼ਮੀਰ ਵਿਚ ਪਹਿਲੇ ਸਫੇ ਦੀ ਖ਼ਬਰ ਬਣੀ। 
ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਾਦੀ 'ਚ ਜਿੱਥੇ ਲੋਕ ਸ਼ਾਂਤੀ ਦੀ ਵਾਪਸੀ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਇਹ ਸਾਰੇ ਸੰਕੇਤ ਸਵਾਗਤਯੋਗ ਹਨ। ਮਹਿਬੂਬਾ ਨੇ ਇਲੈਕਟ੍ਰਾਨਿਕ ਮੀਡੀਆ ਨੂੰ ਇਸ ਗੱਲ ਲਈ ਕੋਸਿਆ ਕਿ ਉਹ ਹਿੰਸਾ ਦੀ ਜ਼ਰਾ ਜਿੰਨੀ ਗੱਲ ਨੂੰ ਨਾਂਹ-ਪੱਖੀ ਢੰਗ ਨਾਲ ਰਾਸ਼ਟਰੀ ਘਟਨਾ ਬਣਾ ਦਿੰਦਾ ਹੈ ਅਤੇ ਅਜਿਹਾ ਦਿਖਾਉਂਦਾ ਹੈ, ਜਿਵੇਂ ਪੂਰਾ ਕਸ਼ਮੀਰ ਸੜ ਰਿਹਾ ਹੈ। ਗਰਮਾ-ਗਰਮ ਬਹਿਸ ਤੋਂ ਬਾਅਦ ਕਸ਼ਮੀਰੀਆਂ ਨੂੰ ਗਾਲ੍ਹਾਂ ਦਿੱਤੀਆਂ ਜਾਂਦੀਆਂ ਹਨ।


Related News