ਸਰਕਾਰ ਨੇ ਕਸ਼ਮੀਰ ਮੂਲ ਦੇ ਏਜਾਜ਼ ਅਹਿਮਦ ਅਹੰਗਰ ਨੂੰ ਅੱਤਵਾਦੀ ਐਲਾਨਿਆ
Thursday, Jan 05, 2023 - 11:48 AM (IST)
ਨਵੀਂ ਦਿੱਲੀ (ਭਾਸ਼ਾ)- ਕਸ਼ਮੀਰ ਮੂਲ ਦੇ ਇਕ ਵਿਅਕਤੀ ਨੂੰ ਸਰਕਾਰ ਨੇ ਬੁੱਧਵਾਰ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਹੈ। ਇਸ ਅੱਤਵਾਦੀ ਦੇ ਅਲ-ਕਾਇਦਾ ਨਾਲ ਸਬੰਧ ਹਨ ਅਤੇ ਉਹ ਹੋਰ ਵਿਸ਼ਵ ਅੱਤਵਾਦੀ ਸਮੂਹਾਂ ਦੇ ਸੰਪਰਕ 'ਚ ਹੈ ਅਤੇ ਭਾਰਤ 'ਚ ਇਸਲਾਮਿਕ ਸਟੇਟ (ਆਈਐੱਸ) ਨੂੰ ਮੁੜ ਸ਼ੁਰੂ ਕਰਨ 'ਚ ਜੁਟਿਆ ਹੈ। ਏਜਾਜ਼ ਅਹਿਮਦ ਅਹੰਗਰ ਉਰਫ਼ ਅਬੂ ਉਸਮਾਨ ਅਲ-ਕਸ਼ਮੀਰੀ ਵਰਤਮਾਨ 'ਚ ਅਫਗਾਨਿਸਤਾਨ 'ਚ ਵਸਿਆ ਹੈ ਅਤੇ ਉਹ ਇਸਲਾਮਿਕ ਸਟੇਟ ਜੰਮੂ ਕਸ਼ਮੀਰ (ISJK) ਦੇ ਪ੍ਰਮੁੱਖ ਭਰਤੀ ਕਰਨ ਵਾਲਿਆਂ 'ਚੋਂ ਇਕ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਰਾਹੀਂ ਘੋਸ਼ਣਾ ਕੀਤੀ ਕਿ ਉਸ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ। 1974 'ਚ ਸ਼੍ਰੀਨਗਰ 'ਚ ਪੈਦਾ ਹੋਇਆ, ਅਹੰਗਰ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਜੰਮੂ ਅਤੇ ਕਸ਼ਮੀਰ 'ਚ ਇਕ ਲੋੜੀਂਦਾ ਅੱਤਵਾਦੀ ਹੈ ਅਤੇ ਉਸ ਨੇ ਵੱਖ-ਵੱਖ ਅੱਤਵਾਦੀ ਸੰਗਠਨਾਂ ਵਿਚਕਾਰ ਤਾਲਮੇਲ ਮਾਧਿਅਮ ਬਣਾ ਕੇ ਜੰਮੂ ਅਤੇ ਕਸ਼ਮੀਰ 'ਚ ਅੱਤਵਾਦ ਨਾਲ ਸਬੰਧਤ ਰਣਨੀਤੀਆਂ ਦੀ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਹੈ।
ਗ੍ਰਹਿ ਮੰਤਰਾਲਾ ਨੇ ਕਿਹਾ ਕਿ ਅਹੰਗਰ ਕਸ਼ਮੀਰ 'ਚ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਕੰਮ ਕਰ ਰਿਹਾ ਹੈ ਅਤੇ ਉਸ ਨੇ ਆਪਣੇ ਕਸ਼ਮੀਰ ਅਧਾਰਤ ਨੈੱਟਵਰਕ 'ਚ ਸ਼ਾਮਲ ਕੀਤੇ ਜਾਣ ਵਾਲੇ ਲੋਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਹੰਗਰ ਨੂੰ ਭਾਰਤ ਲਈ ਇਸਲਾਮਿਕ ਸਟੇਟ (IS) ਭਰਤੀ ਸੈੱਲ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ ਅਤੇ ਇਕ ਔਨਲਾਈਨ ਭਾਰਤ-ਕੇਂਦ੍ਰਿਤ ISIS ਪ੍ਰਚਾਰ ਮੈਗਜ਼ੀਨ ਸ਼ੁਰੂ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ), 1967 ਦੇ ਤਹਿਤ ਚੌਥੀ ਅਨੁਸੂਚੀ 'ਚ ਸ਼ਾਮਲ ਹੋਣ ਦੇ ਨਾਲ, ਅਹੰਗਰ ਅੱਤਵਾਦੀ ਘੋਸ਼ਿਤ ਕੀਤੇ ਜਾਣ ਵਾਲਾ 49ਵਾਂ ਵਿਅਕਤੀ ਹੋਵੇਗਾ।