ਜੰਮੂ-ਕਸ਼ਮੀਰ: ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ

03/20/2024 4:11:57 PM

ਸ਼੍ਰੀਨਗਰ- ਰੰਗ-ਬਿਰੰਗੇ ਫੁੱਲਾਂ ਨਾਲ ਮਹਿਕਦਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ 'ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ' ਇਸ ਹਫਤੇ ਦੇ ਅਖ਼ੀਰ 'ਚ ਸੈਲਾਨੀਆਂ ਲਈ ਖੁੱਲ੍ਹ ਜਾਵੇਗਾ। ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਗਾਰਡਨ ਨੂੰ ਪਹਿਲਾਂ ਸਿਰਾਜ ਬਾਗ ਵਜੋਂ ਜਾਣਿਆ ਜਾਂਦਾ ਸੀ। ਇਹ ਡਲ ਝੀਲ ਅਤੇ ਜ਼ਬਰਵਾਨ ਪਹਾੜੀਆਂ ਦੇ ਵਿਚਕਾਰ ਸਥਿਤ ਹੈ। ਇਸ ਨੂੰ ਸ਼ਨੀਵਾਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ ਕਿਉਂਕਿ ਵੱਖ-ਵੱਖ ਰੰਗਾਂ ਦੇ ਟਿਊਲਿਪ ਖਿੜਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਟਿਊਲਿਪਸ ਦੀਆਂ ਮੌਜੂਦਾ 68 ਕਿਸਮਾਂ ਵਿਚ ਪੰਜ ਨਵੀਆਂ ਕਿਸਮਾਂ ਸ਼ਾਮਲ ਕੀਤੀਆਂ ਗਈਆਂ ਹਨ।

ਵਿਭਾਗ ਨੇ ਦੋ ਲੱਖ ਹੋਰ ਟਿਊਲਿਪ ਦੇ ਬੂਟੇ ਲਗਾਏ ਹਨ ਜਿਸ ਕਾਰਨ ਇਸ ਗਾਰਡਨ ਦਾ ਰਕਬਾ ਹੋਰ ਵਧਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 55 ਹੈਕਟੇਅਰ ਰਕਬੇ ਵਿਚ ਫੈਲੇ ਗਾਰਡਨ ਵਿਚ ਰਿਕਾਰਡ 17 ਲੱਖ ਟਿਊਲਿਪ ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗਾਰਡਨ ਵਿਚ ਫੁੱਲਾਂ ਅਤੇ ਰੰਗਾਂ ਦੀ ਵਿਭਿੰਨਤਾ ਵਧਾਉਣ ਲਈ ਬਸੰਤ ਰੁੱਤ ਦੇ ਫੁੱਲਾਂ ਦੀਆਂ ਹੋਰ ਕਿਸਮਾਂ ਜਿਵੇਂ ਕਿ ਜਲਕੁੰਭੀ, ਡੈਫੋਡਿਲਸ, ਮਸਕਾਰੀ ਅਤੇ ਸਾਈਕਲੇਮੈਨ ਵੀ ਲਗਾਏ ਗਏ ਹਨ। ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ ਦੀ ਸਥਾਪਨਾ 2007 ਵਿਚ ਤਤਕਾਲੀ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਵਲੋਂ ਜੰਮੂ ਅਤੇ ਕਸ਼ਮੀਰ ਵਿਚ ਸੈਰ-ਸਪਾਟੇ ਦੇ ਸੀਜ਼ਨ ਨੂੰ ਵਧਾਉਣ ਦੇ ਇਰਾਦੇ ਨਾਲ ਕੀਤੀ ਗਈ ਸੀ।

ਪਹਿਲਾਂ ਕਸ਼ਮੀਰ ਵਿਚ ਸੈਰ ਸਪਾਟੇ ਦਾ ਸੀਜ਼ਨ ਗਰਮੀਆਂ ਅਤੇ ਸਰਦੀਆਂ ਤੱਕ ਸੀਮਤ ਸੀ। ਗਾਰਡਨ ਦੀ ਸ਼ੁਰੂਆਤ ਇਕ ਛੋਟੇ ਪੈਮਾਨੇ 'ਤੇ ਹਾਲੈਂਡ ਤੋਂ ਆਯਾਤ ਕੀਤੇ 50,000 ਟਿਊਲਿਪ ਬੂਟਿਆਂ ਨਾਲ ਹੋਈ। ਇਸ ਗਾਰਡਨ ਦੀ ਲੋਕਪ੍ਰਿਅਤਾ ਸੈਲਾਨੀਆਂ 'ਚ ਲਗਾਤਾਰ ਵੱਧ ਰਹੀ ਹੈ। ਸੈਲਾਨੀਆਂ ਅਤੇ ਟਿਊਲਿਪ ਫੁੱਲਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਪਿਛਲੇ ਸਾਲ 3.65 ਲੱਖ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੇ ਇਸ ਗਾਰਡਨ ਦਾ ਦੌਰਾ ਕੀਤਾ, ਜਦੋਂ ਕਿ 2022 'ਚ ਇਹ ਗਿਣਤੀ 3.6 ਲੱਖ ਸੀ। ਟਿਊਲਿਪ ਗਾਰਡਨ ਫਿਲਮਾਂ ਅਤੇ ਵੀਡੀਓਜ਼ ਦੀ ਸ਼ੂਟਿੰਗ ਲਈ ਮਨਪਸੰਦ ਸਥਾਨਾਂ ਵਿਚੋਂ ਇੱਕ ਹੈ, ਕਿਉਂਕਿ ਦੇਸ਼ ਭਰ ਦੀਆਂ ਕਈ ਫਿਲਮ ਇਕਾਈਆਂ ਨੇ ਪਿਛਲੇ ਸਾਲ ਇਥੇ ਆਪਣੇ ਪ੍ਰੋਜੈਕਟਾਂ ਦੇ ਕੁਝ ਹਿੱਸੇ ਸ਼ੂਟ ਕੀਤੇ ਸਨ।


Tanu

Content Editor

Related News