ਕਰਨਾਟਕ ਵਕਫ ਬੋਰਡ ਨੇ ਇਤਿਹਾਸਕ ਬੀਦਰ ਕਿਲੇ ਦੀਆਂ 17 ਯਾਦਗਾਰਾਂ ’ਤੇ ਠੋਕਿਆ ਦਾਅਵਾ

Thursday, Nov 07, 2024 - 04:50 PM (IST)

ਕਰਨਾਟਕ ਵਕਫ ਬੋਰਡ ਨੇ ਇਤਿਹਾਸਕ ਬੀਦਰ ਕਿਲੇ ਦੀਆਂ 17 ਯਾਦਗਾਰਾਂ ’ਤੇ ਠੋਕਿਆ ਦਾਅਵਾ

ਬੈਂਗਲੁਰੂ- ਕਰਨਾਟਕ ਵਕਫ ਬੋਰਡ ਨੇ ਸੂਬੇ ਦੇ ਇਤਿਹਾਸਕ ਬੀਦਰ ਕਿਲੇ ਦੇ ਅੰਦਰ 17 ਯਾਦਗਾਰਾਂ ਨੂੰ ਆਪਣੀ ਜਾਇਦਾਦ ਦੇ ਰੂਪ ’ਚ ਚੁਣਿਆ ਹੈ। ਇਹ ਜਾਇਦਾਦਾਂ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਬੀਦਰ ’ਚ ਸਥਿਤ ਕਿਲੇ ਦੇ ਮੁੱਖ ਸਥਾਨਾਂ ’ਚ ਸ਼ਾਮਲ ਹਨ। ਸੂਤਰਾਂ ਅਨੁਸਾਰ ਕਿਲੇ ਦੇ ਸਰਪ੍ਰਸਤ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਨੂੰ ਘਟਨਾਕ੍ਰਮ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਕਫ ਬੋਰਡ ਨੇ ਬੀਦਰ ਕਿਲਾ ਕੰਪਲੈਕਸ ’ਚ ਸਥਿਤ 60 ਜਾਇਦਾਦਾਂ ’ਚੋਂ 17 ਨੂੰ ਆਪਣੀ ਜਾਇਦਾਦ ਦੇ ਰੂਪ ’ਚ ਚੁਣਿਆ ਹੈ, ਜਿਨ੍ਹਾਂ ’ਚ ਮਸ਼ਹੂਰ 16-ਖੰਭਾ ਮਸਜਿਦ ਅਤੇ ਵੱਖ-ਵੱਖ ਬਹਮਨੀ ਸ਼ਾਸਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ 14 ਮਕਬਰੇ ਵੀ ਸ਼ਾਮਲ ਹਨ। ਵਕਫ ਬੋਰਡ ਦੇ ਇਕ ਉੱਚ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਏ. ਐੱਸ. ਆਈ. ਨੂੰ ਨੋਟਿਸ ਨਹੀਂ ਦਿੱਤਾ ਗਿਆ ਹੈ।

ਉਨ੍ਹਾਂ ਕਿਹਾਬੋਰਡ ਏ. ਐੱਸ. ਆਈ. ਨੂੰ ਨੋਟਿਸ ਕਿਵੇਂ ਜਾਰੀ ਕਰ ਸਕਦਾ ਹੈ, ਜੋ ਕਈ ਦਹਾਕਿਆਂ ਤੋਂ ਇਤਿਹਾਸਕ ਯਾਦਗਾਰਾਂ ਦਾ ਸਰਪ੍ਰਸਤ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਹੈ? ਅਧਿਕਾਰੀ ਨੇ ਦੋਸ਼ ਲਗਾਇਆ ਕਿ ਵਕਫ ਬੋਰਡ ਦੇ ਨਾਂ ’ਤੇ ਬਹੁਤ ਸਾਰੀਆਂ ਗਲਤ ਸੂਚਨਾਵਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਨਾਲ ਮੁਸਲਿਮ ਭਾਈਚਾਰੇ ਦਾ ਅਕਸ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਜਦ ਤੋਂ ਵਿਵਾਦ ਸ਼ੁਰੂ ਹੋਇਆ ਹੈ, ਅਸੀਂ ਸਾਰੇ ਨੋਟਿਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜ਼ਮੀਨ ਦੇ ਕਬਜ਼ੇਦਾਰ ਲੋਕਾਂ ਨੂੰ ਬੇਦਖਲ ਕਰਨਾ ਅਨਿਆਂਪੂਰਨ ਅਤੇ ਨਾਜਾਇਜ਼ ਹੈ। ਇਸ ਦੌਰਾਨ ਵਕਫ (ਸੋਧ) ਬਿੱਲ 2024 ’ਤੇ ਵਿਚਾਰ ਕਰ ਰਹੀ ਸਾਂਝੀ ਸੰਸਦੀ ਕਮੇਟੀ ਦੇ ਪ੍ਰਧਾਨ ਜਗਦੰਬਿਕਾ ਪਾਲ ਵਕਫ ਬੋਰਡ ਦੀ ਕਾਰਵਾਈ ਤੋਂ ਕਥਿਤ ਤੌਰ ’ਤੇ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕਰਨ ਲਈ 7 ਨਵੰਬਰ ਨੂੰ ਕਰਨਾਟਕ ਦੇ ਹੁਬਲੀ ਅਤੇ ਵਿਜੇਪੁਰਾ ਦਾ ਦੌਰਾ ਕਰਨਗੇ।


author

Tanu

Content Editor

Related News