CM ਕੁਮਾਰਸਵਾਮੀ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ

Thursday, Jul 11, 2019 - 02:19 PM (IST)

CM ਕੁਮਾਰਸਵਾਮੀ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ

ਬੈਂਗਲੁਰੂ—ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ ਕੁਮਾਰਸਵਾਮੀ ਨੇ ਅੱਜ ਭਾਵ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਸਾਫ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਫਿਲਹਾਲ ਅਜਿਹੀ ਸਥਿਤੀ ਪੈਦਾ ਨਹੀਂ ਹੋਈ ਹੈ ਕਿ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਵੇ। ਉਨ੍ਹਾਂ ਨੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਗਠਜੋੜ ਸਰਕਾਰ ਵਿਧਾਇਕਾਂ ਦੇ ਬਾਗੀ ਹੋਣ ਨਾਲ ਪੈਦਾ ਹੋਈ ਸਥਿਤੀ ਨੂੰ ਜਲਦੀ ਸੁਲਝਾਉਣਗੇ। ਸ੍ਰੀ ਕੁਮਾਰਸਵਾਮੀ ਨੇ ਇੱਥੇ ਕੁਮਾਰਾ ਕ੍ਰਿਪਾ ਗੈਸਟ ਹਾਊਸ 'ਚ ਗਠਜੋੜ ਸਰਕਾਰ ਦੇ ਸਹਿਯੋਗੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਇਸ ਤੋਂ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੂੰ ਤਰੁੰਤ ਕੋਈ ਖਤਰਾ ਨਹੀਂ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਉਂਦਿਆਂ ਦੱਸਿਆ ਕਿ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਸਾਰੇ 16 ਵਿਧਾਇਕ ਆਪਣਾ ਅਸਤੀਫਾ ਵਾਪਲ ਲੈ ਲੈਣਗੇ ਅਤੇ ਸਰਕਾਰ ਨੂੰ ਸਮਰਥਨ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਹੈ ਕਿ ਸਾਲ 2009 'ਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਬੀ. ਐੱਸ. ਯੇਦੀਯੁਰੱਪਾ ਜਦੋਂ ਮੁੱਖ ਮੰਤਰੀ ਬਣੇ ਸੀ ਤਾਂ 18 ਵਿਧਾਇਕਾਂ ਦੇ ਬਾਗੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਸੀ। 

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਅੱਜ ਭਾਵ ਵੀਰਵਾਰ ਨੂੰ ਕਰਨਾਟਕ ਦੇ 10 ਵਿਧਾਇਕਾਂ ਨੂੰ ਵਿਧਾਨ ਸਭਾ ਪ੍ਰਧਾਨ ਰਮੇਸ਼ ਕੁਮਾਰ ਦੇ ਸਾਹਮਣੇ ਸ਼ਾਮ 6 ਵਜੇ  ਤੱਕ ਪੇਸ਼ ਹੋਣ ਦਾ ਆਦੇਸ਼ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਹੋਵੇਗੀ। ਚੀਫ ਜਸਟਿਸ ਰੰਜਨ ਗੰਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਵਿਧਾਨ ਸਭਾ ਸਪੀਕਰ ਨਾਲ ਵਿਧਾਇਕਾਂ ਦੀ ਮੁਲਾਕਾਤ ਤੋਂ ਬਾਅਦ ਇਸ ਸੰਬੰਧੀ ਆਪਣੇ ਫੈਸਲਾ ਲੈਣ ਨੂੰ ਵੀ ਕਿਹਾ ਹੈ। ਬਾਗੀ ਵਿਧਾਇਕਾਂ ਦੇ ਸਪੀਕਰ ਨਾਲ ਮੁਲਾਕਾਤ ਕਰਨ ਲਈ ਜਹਾਜ਼ ਰਾਹੀਂ ਮੁੰਬਈ ਤੋਂ ਬੈਂਗਲੁਰੂ ਜਾਣ ਦੀ ਸੰਭਾਵਨਾ ਹੈ। ਵਿਧਾਇਕਾਂ ਨੇ ਆਪਣੀ ਪਟੀਸ਼ਨ 'ਚ ਦੋਸ਼ ਲਗਾਇਆ ਹੈ ਕਿ ਸਪੀਕਰ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


author

Iqbalkaur

Content Editor

Related News