ਕਰਨਾਟਕ ’ਚ ਹੜ੍ਹ ਦਾ ਕਹਿਰ; ਪਾਣੀ ’ਚ ਡੁੱਬਿਆ ਮਕਾਨ
Wednesday, Aug 19, 2020 - 06:33 PM (IST)
ਬੈਂਗਲੁਰੂ (ਭਾਸ਼ਾ)— ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਵਿਚ ਮੀਂਹ ਅਤੇ ਹੜ੍ਹ ਕਾਰਨ ਹਾਦਸਿਆਂ ਵਿਚ ਇਕ ਮਕਾਨ ਪਾਣੀ ’ਚ ਡੁੱਬਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਘਟਨਾ ਵਿਚ 16 ਸਾਲਾ ਇਕ ਕੁੜੀ ਸਮੇਤ ਦੋ ਲੋਕ ਵਹਿ ਗਏ ਹਨ। ਕਰਨਾਟਕ ਸੂਬਾ ਕੁਦਰਤੀ ਆਫ਼ਤ ਨਿਗਰਾਨੀ ਕੇਂਦਰ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਹਾਵੇਰੀ ਜ਼ਿਲ੍ਹੇ ਦੇ ਰਾਨੇਬੇਨੁਰ ਤਾਲੁਕ ਮਲਕਨਹਾਲੀ ’ਚ ਨਦੀ ਕੋਲ ਕੱਪੜੇ ਧੋਣ ਗਈ ਇਕ ਕੁੜੀ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਈ। ਅਧਿਕਾਰੀਆਂ ਨੇ ਦੱਸਿਆ ਕਿ ਐਮਰਜੈਂਸੀ ਸੇਵਾ ਮਹਿਕਮੇ ਅਤੇ ਪੁਲਸ ਤਲਾਸ਼ੀ ਮੁਹਿੰਮ ਚਲਾ ਰਹੀ ਹੈ।
ਓਧਰ ਬੇਲਗਾਵੀ ਦੇ ਚਿਕੋਡੀ ਤਾਲੁਕ ਦੇ ਸਦਾਲਗਾ ਵਿਚ ਮਕਾਨ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਤੇਲੰਗਾਨਾ ਵਿਚ ਕ੍ਰਿਸ਼ਨਾ ਨਦੀ ’ਤੇ ਬਣੇ ਜੁਰਾਲਾ ਬੰਨ੍ਹ ਕੋਲ ਦੋ ਜਨਾਨੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਖਦਸ਼ਾ ਹੈ ਕਿ ਇਹ ਜਨਾਨੀਆਂ ਕਰਨਾਟਕ ਦੇ ਰਾਏਚੂਰ ਜ਼ਿਲ੍ਹੇ ਦੀਆਂ ਹਨ। ਸੂਬੇ ਵਿਚ ਇਕ ਅਗਸਤ ਤੋਂ ਹੁਣ ਤੱਕ ਮੀਂਹ ਦੀਆਂ ਘਟਨਾਵਾਂ ਵਿਚ 19 ਲੋਕ ਮਰ ਚੁੱਕੇ ਹਨ। ਸੂਬਾ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ 104 ਰਾਹਤ ਕੈਂਪ ਸ਼ੁਰੂ ਕੀਤੇ ਹਨ, ਜਿਨ੍ਹਾਂ ਵਿਚ 3,810 ਲੋਕ ਰਹਿ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਸੂਬੇ ਦੀਆਂ ਜ਼ਿਆਦਾਤਰ ਨਦੀਆਂ ’ਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ।