ਕਾਂਗਰਸ ਦੇ ਮੁਅੱਤਲ ਵਿਧਾਇਕ ਰੋਸ਼ਨ ਬੇਗ ਨੇ ਦਿੱਤਾ ਅਸਤੀਫਾ
Tuesday, Jul 09, 2019 - 02:49 PM (IST)

ਬੈਂਗਲੁਰੂ—ਕਰਨਾਟਕ ਦੀ ਕਾਂਗਰਸ-ਜੇ. ਡੀ. ਐੱਸ (ਜਨਤਾ ਦਲ) ਗਠਜੋੜ ਸਰਕਾਰ ਨੂੰ ਅੱਜ ਉਸ ਸਮੇਂ ਇੱਕ ਹੋਰ ਝਟਕਾ ਲੱਗਾ ਜਦੋਂ ਕਾਂਗਰਸ ਦੇ ਮੁਅੱਤਲ ਵਿਧਾਇਕ ਆਰ. ਰੌਸ਼ਨ ਬੇਗ ਨੇ ਵਿਧਾਨ ਸਭਾ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬੇਗ ਨੇ ਵਿਧਾਨਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦੇ ਦਫਤਰ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, ''ਅੱਜ ਮੈਂ ਕਰਨਾਟਕ ਵਿਧਾਨ ਸਭਾ ਤੋਂ ਆਪਣਾ ਅਸਤੀਫਾ ਸਪੀਕਰ ਨੂੰ ਸੌਂਪ ਦਿੱਤਾ।'' ਕਾਂਗਰਸ ਦੇ ਮੁਅੱਤਲ ਵਿਧਾਇਕ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਦਿੱਲੀ ਜਾਂ ਮੁੰਬਈ ਨਹੀਂ ਜਾਣਗੇ। ਨਿਰਾਸ਼ ਚੱਲ ਰਹੇ ਵਿਧਾਇਕ ਮੁੰਬਈ ਦੇ ਇੱਕ ਹੋਟਲ 'ਚ ਆਪਣੇ ਡੇਰਾ ਲਗਾ ਕੇ ਬੈਠੇ ਹੋਏ ਸੀ।
ਬੇਗ ਨੇ ਕਿਹਾ, ''ਮੈਂ ਮੁੰਬਈ ਜਾਂ ਦਿੱਲੀ ਨਹੀਂ ਜਾ ਰਿਹਾ ਹਾਂ। ਸੂਬੇ ਦੇ ਹੱਜ ਸਮਿਤੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਹੱਜ ਯਾਤਰੀਆਂ ਦੇ ਯਾਤਰਾ ਪ੍ਰਬੰਧਨ ਨੂੰ ਦੇਖਣ ਹਵਾਈ ਅੱਡੇ ਜਾ ਰਿਹਾ ਹਾਂ।'' ਪਾਰਟੀ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਸਵਾਲਾਂ ਦੇ ਜਵਾਬ 'ਚ ਬੇਗ ਨੇ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਨੇ ਉਸ ਨੂੰ 'ਹੈਲੋ ਬੋਲਿਆ'। ਦੱਸਿਆ ਜਾਂਦਾ ਹੈ ਕਿ ਵਿਧਾਇਕ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਕਾਰਨ ਕਾਂਗਰਸ 'ਚੋ ਮੁਅੱਤਲ ਕਰ ਦਿੱਤਾ ਗਿਆ ਸੀ, ਕਿਉਂਕਿ ਉਹ ਪਾਰਟੀ ਨੇਤਾਵਾਂ ਖਿਲਾਫ ਆਵਾਜ ਚੁੱਕ ਰਹੇ ਸੀ। ਸਾਬਕਾ ਕਾਂਗਰਸ ਸਰਕਾਰ 'ਚ ਮੰਤਰੀ ਰਹਿ ਚੁੱਕੇ ਬੇਗ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਲਈ ਸਾਬਕਾ ਮੁੱਖ ਮੰਤਰੀ ਸਿੱਧਰਮਈਆਂ, ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਕਰਨਾਟਕ ਦੇ ਕਾਂਗਰਸ ਪ੍ਰਧਾਨ ਦਿਨੇਸ਼ ਗੁੰਡੁ ਰਾਵ ਨੂੰ ਜ਼ਿੰਮੇਵਾਰ ਠਹਿਰਾਇਆ।
ਦੱਸ ਦੇਈਏ ਕਿ ਹੁਣ ਤੱਕ ਕਰਨਾਟਕ 'ਚ 14 ਵਿਧਾਇਕ ਆਪਣਾ ਅਸਤੀਫਾ ਦੇ ਚੁੱਕੇ ਹਨ, ਜਿਨ੍ਹਾਂ 'ਚੋਂ ਕਾਂਗਰਸ ਦੇ 11 ਵਿਧਾਇਕ ਅਤੇ ਜੇ. ਡੀ. ਐੱਸ. ਦੇ 3 ਵਿਧਾਇਕ ਹਨ। ਜੇਕਰ ਇਨ੍ਹਾਂ ਦਾ ਅਸਤੀਫਾ ਸਵੀਕਾਰ ਹੁੰਦਾ ਹੈ ਤਾਂ ਗਠਜੋੜ ਸਰਕਾਰ ਦੀ ਗਿਣਤੀ ਵਿਧਾਨ ਸਭਾ 'ਚ 102 ਹੋ ਜਾਵੇਗੀ। ਦੂਜੇ ਪਾਸੇ ਭਾਜਪਾ ਦੇ ਪੱਖ 'ਚ ਗਿਣਤੀ 107 ਹੈ।