ਪੈਸਿਆਂ ਨੂੰ ਲੈ ਕੇ ਵਿਵਾਦ ਕਾਰਨ ਹੋਈ ਦੁਸ਼ਮਣੀ, ਵਿਅਕਤੀ ਨੂੰ ਤਲਵਾਰਾਂ ਨਾਲ ਵੱਢਿਆ
Monday, Nov 13, 2023 - 06:16 PM (IST)
ਬੇਲਗਾਵੀ- ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਦੇ ਗੋਕਾਕ ਕਸਬੇ 'ਚ 23 ਸਾਲਾ ਨੌਜਵਾਨ ਦੀ ਦੂਜੇ ਭਾਈਚਾਰੇ ਦੇ ਲੋਕਾਂ ਦੇ ਇਕ ਸਮੂਹ ਨੇ ਤਲਵਾਰਾਂ ਅਤੇ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮਾਮਲੇ ਦੇ ਸਬੰਧ ਵਿਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਸੰਤੋਸ਼ ਸ਼ਾਨੁਰ ਦੇ ਕਤਲ ਮਗਰੋਂ ਉਸ ਦੇ ਭਾਈਚਾਰੇ ਨਾਲ ਜੁੜੇ ਕਰੀਬ 150 ਲੋਕ ਐਤਵਾਰ ਨੂੰ ਕਤਲ ਦੇ 10 ਦੋਸ਼ੀਆਂ ਦੇ ਘਰਾਂ ਦੇ ਨੇੜੇ ਇਕੱਠੇ ਹੋ ਗਏ ਅਤੇ ਪਥਰਾਅ ਕੀਤਾ। ਪੁਲਸ ਨੇ ਦੱਸਿਆ ਕਿ ਪੂਰੀ ਰਾਤ ਹਾਲਾਤ ਤਣਾਅਪੂਰਨ ਬਣੇ ਰਹੇ।
ਪੁਲਸ ਦੇ ਮੌਕੇ 'ਤੇ ਪਹੁੰਚਣ ਮਗਰੋਂ ਭੀੜ ਨੂੰ ਸਮਝਾ ਕੇ ਤਿਤਰ-ਬਿਤਰ ਕੀਤਾ ਗਿਆ ਅਤੇ ਹਾਲਾਤ 'ਤੇ ਕਾਬੂ ਪਾਇਆ ਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਮੁਨੈਸ਼ ਨਾਂ ਦੇ ਇਕ ਵਿਅਕਤੀ ਦੀ ਦੋਸ਼ੀ ਸਮੂਹ ਨੇ ਕੁੱਟਮਾਰ ਕੀਤੀ ਸੀ। ਇਸ ਲਈ ਸੰਤੋਸ਼ ਆਪਣੇ ਦੋਸਤਾਂ ਨਾਲ ਦੋਸ਼ੀਆਂ ਦੇ ਘਰ ਵਜ੍ਹਾ ਜਾਣਨ ਲਈ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਦੋਹਾਂ ਪੱਖਾਂ ਵਿਚਾਲੇ ਗੱਲਬਾਤ ਜਲਦ ਹੀ ਝਗੜੇ ਵਿਚ ਤਬਦੀਲ ਹੋ ਗਈ।
ਅਧਿਕਾਰੀ ਮੁਤਾਬਕ ਝਗੜੇ ਦੌਰਾਨ ਦੋਸ਼ੀ ਸਮੂਹ ਨੇ ਸੰਤੋਸ਼ 'ਤੇ ਤਲਵਾਰ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜਲਦਬਾਜ਼ੀ ਵਿਚ ਉਸ ਨੂੰ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਖ਼ੁਲਾਸਾ ਹੋਇਆ ਹੈ ਕਿ ਪੀੜਤ ਅਤੇ ਦੋਸ਼ੀ ਵਿਚਾਲੇ ਦੁਸ਼ਮਣੀ ਸੀ ਅਤੇ ਦੋਹਾਂ ਵਿਚਾਲੇ ਪੈਸਿਆਂ ਨੂੰ ਲੈ ਕੇ ਕੁਝ ਵਿਵਾਦ ਹੋਇਆ ਸੀ। ਹਾਲਾਤ ਕਾਬੂ ਵਿਚ ਹਨ ਅਤੇ 7 ਦੋਸ਼ੀਆਂ ਨੂੰ ਫੜ ਲਿਆ ਗਿਆ ਹੈ, ਜਦਕਿ ਬਾਕੀ ਬਚੇ 3 ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਦੋਸ਼ੀ ਫ਼ਿਲਹਾਲ ਫ਼ਰਾਰ ਹਨ।