ਖੁਲਾਸਾ; ਵਿਕਾਸ ਦੁਬੇ ਤੇ ਸਾਥੀਆਂ ਨੇ ਪੁਲਸ ਮੁਲਾਜ਼ਮਾਂ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ

7/14/2020 6:51:03 PM

ਕਾਨਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੀ ਕਾਨਪੁਰ ਪੁਲਸ ਨੇ ਬੀਤੀ 2-3 ਜੁਲਾਈ ਦੀ ਰਾਤ ਨੂੰ ਚੌਬੇਪੁਰ ਦੇ ਬਿਕਰੂ ਪਿੰਡ 'ਚ 8 ਪੁਲਸ ਮੁਲਾਜ਼ਮਾਂ ਦਾ ਬਦਮਾਸ਼ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿੱਤਾ ਸੀ। ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪੁਲਸ ਨੇ ਕਿਹਾ ਕਿ ਬਿਲਹੌਰ ਦੇ ਸੀ. ਓ. ਸਮੇਤ ਹੋਰ ਪੁਲਸ ਮੁਲਾਜ਼ਮਾਂ ਦੀ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨੇ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਸੀ। ਪੁਲਸ ਸੂਤਰਾਂ ਮੁਤਾਬਕ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਖੇਤਰ ਅਧਿਕਾਰੀ ਦਵਿੰਦਰ ਮਿਸ਼ਰਾ ਸਮੇਤ 8 ਪੁਲਸ ਮੁਲਾਜ਼ਮਾਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਬਦਮਾਸ਼ਾਂ ਨੇ ਕਤਲ ਕਰਨ ਲਈ ਗੋਲਾ ਬਾਰੂਦ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ ਦਾ ਵੀ ਇਸਤੇਮਾਲ ਕੀਤਾ ਸੀ। 

ਪੋਸਟਮਾਰਟਮ ਰਿਪੋਰਟ ਮੁਤਾਬਕ ਪੁਲਸ ਸੁਪਰਡੈਂਟ ਦਵਿੰਦਰ ਮਿਸ਼ਰਾ ਨੂੰ 4 ਗੋਲੀਆਂ ਮਾਰੀਆਂ ਗਈਆਂ, ਜਿਸ ਵਿਚੋਂ 3 ਉਨ੍ਹਾਂ ਦੇ ਸਰੀਰ ਤੋਂ ਪਾਰ ਹੋ ਗਈਆਂ। ਉਨ੍ਹਾਂ ਨੂੰ ਇਕ ਗੋਲੀ ਸਿਰ 'ਚ, ਇਕ ਛਾਤੀ 'ਚ ਅਤੇ ਦੋ ਢਿੱਡ 'ਚ ਮਾਰੀਆਂ ਗਈਆਂ। ਇਸ ਤੋਂ ਇਲਾਵਾ ਕਾਤਲਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦਾ ਇਕ ਪੈਰ ਵੀ ਵੱਢਿਆ ਸੀ। ਮਿਸ਼ਰਾ ਤੋਂ ਇਲਾਵਾ ਤਿੰਨ ਪੁਲਸ ਮੁਲਾਜ਼ਮਾ ਨੂੰ ਸਿਰ 'ਤੇ ਅਤੇ ਇਕ ਚਿਹਰੇ 'ਤੇ ਗੋਲੀ ਮਾਰੀ ਗਈ। ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਮਾਰਨ ਲਈ ਤੇਜ਼ਧਾਰ ਹਥਿਆਰ ਵਰਤੇ ਗਏ ਸਨ ਅਤੇ ਉਨ੍ਹਾਂ ਨਾਲ ਪੂਰੀ ਦਰਿੰਦਗੀ ਵਰਤੀ ਗਈ। 

ਜ਼ਿਕਰਯੋਗ ਹੈ ਕਿ ਬਿਕਰੂ ਪਿੰਡ ਵਿਚ 2-3 ਜੁਲਾਈ ਦੀ ਰਾਤ ਦਬਿਸ਼ ਦੇਣ ਗਈ ਪੁਲਸ ਟੀਮ 'ਤੇ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ 'ਚ 8 ਪੁਲਸ ਮੁਲਾਜ਼ਮਾਂ ਸ਼ਹੀਦ ਹੋ ਗਏ ਸਨ, ਜਦਕਿ 7 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਪੁਲਸ ਨੇ ਐਨਕਾਊਂਟਰ ਕਰ ਕੇ ਹੁਣ ਤੱਕ ਵਿਕਾਸ ਦੁਬੇ ਸਮੇਤ 6 ਨਾਮਜ਼ਦ ਦੋਸ਼ੀਆਂ ਨੂੰ ਮਾਰ ਦਿੱਤਾ ਹੈ, ਜਦਕਿ 4 ਗ੍ਰਿਫ਼ਤਾਰ ਕੀਤੇ ਗਏ ਹਨ।


Tanu

Content Editor Tanu