ਵੱਡੀ ਖ਼ਬਰ: CISF ਦੀ ਜਵਾਨ ਨੇ ਕੰਗਨਾ ਰਣੌਤ ਨੂੰ ਮਾਰਿਆ ਥੱਪੜ
Thursday, Jun 06, 2024 - 06:00 PM (IST)
ਚੰਡੀਗੜ੍ਹ- ਚੰਡੀਗੜ੍ਹ ਏਅਰਪੋਰਟ 'ਤੇ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਰੀ ਕੰਗਨਾ ਰਣੌਤ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਕੰਗਨਾ ਵੱਲੋਂ ਦਿੱਤੀ ਗਈ ਸ਼ਿਕਾਇਤ 'ਚ ਸਾਹਮਣੇ ਆਇਆ ਹੈ ਕਿ ਉਹ ਚੰਡੀਗੜ੍ਹ ਏਅਰਪੋਰਟ ਪਹੁੰਚੀ ਸੀ। ਉਨ੍ਹਾਂ ਨੇ ਫਲਾਈਟ ਰਾਹੀਂ ਦਿੱਲੀ ਜਾਣਾ ਸੀ। ਸਕਿਓਰਿਟੀ ਚੈੱਕ ਇਨ ਤੋਂ ਬਾਅਦ ਜਦੋਂ ਉਹ ਬੋਰਡਿੰਗ ਲਈ ਜਾ ਰਹੀ ਸੀ, ਇਸੇ ਦੌਰਾਨ ਐੱਲ.ਸੀ.ਟੀ. ਕੁਲਵਿੰਦਰ ਕੌਰ (ਸੀ.ਆਈ.ਐੱਸ.ਐਫ. ਯੂਨਿਟ ਚੰਡੀਗੜ੍ਹ ਏਅਰਪੋਰਟ) ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਸਫਰ ਕਰ ਰਹੇ ਸ਼ਖ਼ਸ ਮਯੰਕ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ (ਸੀ.ਆਈ.ਐੱਸ.ਐਫ. ਦੇ ਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਦੱਸ ਦੇਈਏ ਕਿ ਕੰਗਨਾ ਰਣੌਤ ਦਿੱਲੀ ਪਹੁੰਚ ਚੁੱਕੀ ਹੈ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਸੀ.ਆਈ.ਐੱਸ.ਐੱਫ. ਦੀ ਡਾਇਰੈਕਟਰ ਜਨਰਲ ਨੀਨਾ ਸਿੰਘ ਨੂੰ ਘਟਨਾ ਦੀ ਜਣਕਾਰੀ ਦਿੱਤੀ ਹੈ। ਕੰਗਨਾ ਦਾ ਦਾਅਵਾ ਹੈ ਕਿ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨਾਲ ਬਹਿਸ ਕੀਤੀ ਅਤੇ ਚੰਡੀਗੜ੍ਹ ਏਅਰਪੋਰਟ 'ਤੇ ਕਰੰਟ ਏਰੀਆ 'ਚ ਉਸ ਨੂੰ ਥੱਪੜ ਮਾਰ ਦਿੱਤਾ। ਕਾਂਸਟੇਬਲ ਕੁਲਵਿੰਦਰ ਨੂੰ ਸੀ.ਓ. ਰੂਮ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਚੰਡੀਗੜ੍ਹ ਹਵਾਈ ਅੱਡੇ 'ਤੇ ਸੀ.ਆਈ.ਐੱਸ.ਐੱਫ. ਵੱਲੋਂ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਜਾ ਰਹੀ ਹੈ।
ਮੰਡੀ ਤੋਂ ਹਾਸਿਲ ਕੀਤੀ ਸ਼ਾਨਦਾਰ ਜਿੱਤ
ਦੱਸ ਦੇਈਏ ਕਿ ਬਾਲੀਵੁੱਡ ਦੀ ਧਾਕੜ ਕੁਈਨ ਕੰਗਨਾ ਰਣੌਤ ਹੁਣ ਰਾਜਨੀਤੀ ਦੀ ਵੀ ਕੁਈਨ ਬਣ ਚੁੱਕੀ ਹੈ। 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਨੇ ਮੰਡੀ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਹੈ। ਕੰਗਨਾ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਅਤੇ ਮੌਜੂਦਾ ਸੰਸਦ ਮੈੰਬਰ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ।