ਕਲਯੁਗੀ ਮਾਂ ਦੀ ਘਿਨੌਣੀ ਹਰਕਤ, ਮਿੱਟੀ ''ਚ ਦੱਬਿਆ ਜਿਉਂਦਾ ਮਾਸੂਮ
Friday, May 29, 2020 - 02:26 PM (IST)
ਲਖਨਊ-ਕਹਿੰਦੇ ਹਨ ਕਿ ਦੁਨੀਆ 'ਚ ਸਭ ਤੋਂ ਉੱਚਾ ਰੁਤਬਾ ਮਾਂ ਦਾ ਮੰਨਿਆ ਜਾਂਦਾ ਹੈ। ਇਸੇ ਕਾਰਨ ਮਾਂ-ਬੱਚੇ ਦਾ ਰਿਸ਼ਤਾ ਦੁਨੀਆ 'ਚ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ ਪਰ ਉੱਤਰ ਪ੍ਰਦੇਸ਼ 'ਚ ਇਕ ਕਲਯੁਗੀ ਜਨਾਨੀ ਨੇ ਮਾਂ ਦੀ ਮਮਤਾ ਨੂੰ ਉਸ ਸਮੇਂ ਸ਼ਰਮਸਾਰ ਕਰ ਦਿੱਤਾ ਜਦ ਉਸ ਨੇ ਆਪਣੇ ਨਵਜੰਮੇ ਮਾਸੂਮ ਨੂੰ ਜਿਉਂਦੇ ਮਿੱਟੀ 'ਚ ਦੱਬ ਦਿੱਤਾ। ਦਰਅਸਲ ਇਹ ਘਟਨਾ ਉੱਤਰ ਪ੍ਰਦੇਸ਼ 'ਚ ਸਿਧਾਰਥ ਨਗਰ ਦੇ ਨਿਪਨਿਆ ਪਿੰਡ ਦੀ ਹੈ, ਜਿੱਥੇ ਇਕ ਕਲਯੁਗੀ ਮਾਂ ਨੇ ਆਪਣੇ ਨਵ-ਜੰਮੇ ਬੱਚੇ ਨੂੰ ਜਨਮ ਦੇ ਤੁਰੰਤ ਬਾਅਦ ਮਰਨ ਲਈ ਪਿੰਡ ਦੇ ਬਾਹਰ ਮਿੱਟੀ ਹੇਠ ਦੱਬ ਦਿੱਤਾ। ਪਰ ਕਲਯੁਗੀ ਮਾਂ ਜਦੋਂ ਉੱਥੋ ਚਲੀ ਗਈ ਤਾਂ ਕੁਝ ਸਮੇਂ ਬਾਅਦ ਲੋਕ ਉਕਤ ਥਾਂ 'ਤੇ ਖੁਦਾਈ ਕਰਨ ਆਏ ਤਾਂ ਉਨ੍ਹਾਂ ਦੀ ਨਿਗਾਹ ਬੱਚੇ 'ਤੇ ਪਈ। ਮਿੱਟੀ ਹੇਠ ਹਿੱਲਜੁਲ ਦੇਖ ਅਫੜਾ ਤਫੜੀ ਮੱਚ ਗਈ। ਲੋਕਾਂ ਨੇ ਬੱਚੇ ਨੂੰ ਮਿੱਟੀ 'ਚੋਂ ਬਾਹਰ ਕੱਢ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਲੈ ਜਾਇਆ ਗਿਆ। ਇਸ ਘਟਨਾ ਤੋਂ ਪੂਰੇ ਇਲਾਕੇ ਦੇ ਲੋਕ ਹੈਰਾਨ ਹਨ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੋ ਰਿਹਾ ਕਿ ਕੋਈ ਮਾਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਮਰਨ ਲਈ ਮਿੱਟੀ ਹੇਠ ਦਬਾ ਸਕਦੀ ਹੈ। ਉਥੇ ਹੀ ਇਕ ਪਾਸੇ ਜਿਥੇ ਗੁੰਮਨਾਮ ਮਾਂ ਦੀ ਇਸ ਘਿਨੌਣੀ ਹਰਕਤ ਕਾਰਨ ਸਥਾਨਕ ਲੋਕਾਂ ਦੇ ਮਨਾਂ 'ਚ ਉਸ ਪ੍ਰਤੀ ਬੇਹੱਦ ਗੁੱਸਾ ਭਰਿਆ ਹੈ, ਤਾਂ ਉੱਥੇ ਦੂਜੇ ਪਾਸੇ ਬੱਚੇ ਨੂੰ ਅਪਨਾਉਣ ਲਈ ਅੱਗੇ ਆਉਣ ਵਾਲੀ ਲਕਸ਼ਮੀ ਨਾਂ ਦੀ ਔਰਤ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ, ਜਿਸ ਨੇ ਇਸ ਬੱਚੇ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ ਫਿਲਹਾਲ ਬੱਚੇ ਦਾ ਇਲਾਜ ਚੱਲ ਰਿਹਾ ਤੇ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            