ਖ਼ੁਦ ਨੂੰ ਲੱਗੀਆਂ ਸਨ ਗੋਲੀਆਂ ਫਿਰ ਵੀ ਦੁਸ਼ਮਣ ਨੂੰ ਕੀਤਾ ਢੇਰ, ਕਾਰਗਿਲ ਹੀਰੋ ਦਾ ਇੰਡੀਗੋ ਫਲਾਈਟ ''ਚ ਹੋਇਆ ਸ਼ਾਨਦਾਰ ਸਵਾਗਤ
Wednesday, Jul 26, 2023 - 11:49 AM (IST)
ਨੈਸ਼ਨਲ ਡੈਸਕ- ਲੋਕ ਹਮੇਸ਼ਾ ਫਿਲਮੀ ਹੀਰੋ ਨੂੰ ਦੇਖ ਕੇ ਉਨ੍ਹਾਂ ਦੇ ਪਿੱਛੇ ਪਾਗਲਾਂ ਦੀ ਤਰ੍ਹਾਂ ਦੌੜ ਪੈਂਦੇ ਹਨ ਤਾਂ ਜੋ ਉਨ੍ਹਾਂ ਦੇ ਨਾਲ ਇਕ ਫੋਟੋ ਕਲਿੱਕ ਕਰਵਾ ਸਕਣ। ਕਈ ਵਾਰ ਤਾਂ ਫਲਾਈਟ 'ਚ ਵੀ ਜਦੋਂ ਇਹ ਫਿਲਮੀ ਸਿਤਾਰੇ ਸਫਰ ਕਰ ਰਹੇ ਹੁੰਦੇ ਹਨ ਤਾਂ ਵੀ ਲੋਕ ਉਨ੍ਹਾਂ ਦੇ ਕੋਲ ਪਹੁੰਚ ਜਾਂਦੇ ਹਨ। ਇਸ ਵਾਰ ਵੀ ਇੰਡੀਗੋ ਦੀ ਫਲਾਈਟ 'ਚ ਇਕ ਹੀਰੋ ਸਫਰ ਕਰ ਰਿਹਾ ਸੀ ਪਰ ਲੋਕ ਇਸ ਤੋਂ ਅਣਜਾਣ ਸਨ। ਫਿਰ ਇੰਡੀਗੋ ਏਅਰਲਾਈਨਜ਼ ਦੇ ਕੈਪਟਨ ਨੇ ਜਹਾਜ਼ 'ਚ ਮੌਜੂਦ ਉਸ ਹੀਰੋ ਬਾਰੇ ਬਾਕੀ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਤਾਂ ਸਾਰਿਆਂ ਦੀ ਨਜ਼ਰ ਉਸ ਵੱਲ ਗਈ।
ਸੋਸ਼ਲ ਮੀਡੀਆ 'ਤੇ ਇੰਡੀਗੋ ਏਅਰਲਾਇੰਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਉਸਨੂੰ ਕਾਫੀ ਪਸੰਦ ਕਰ ਰਹੇ ਹਨ। ਇਥੇ ਤੁਹਾਨੂੰ ਦੱਸ ਦੇਈਏ ਕਿ ਕਿਸੇ ਫਿਲਮੀ ਹੀਰੋ ਦੀ ਗੱਲ ਨਹੀਂ ਕਰ ਰਹੇ ਸਗੋਂ ਇਹ ਅਸਲ ਜ਼ਿੰਦਗੀ ਦੇ ਹੀਰੋ ਦੀ ਹੈ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਨ-ਰਾਤ ਲੋਕਾਂ ਲਈ ਬਾਰਡਰ 'ਤੇ ਡਟੇ ਰਹਿੰਦੇ ਹਨ ਤਾਂ ਜੋ ਸਾਡਾ ਦੇਸ਼ ਸੁਰੱਖਿਅਤ ਰਹੇ ਅਤੇ ਅਸੀਂ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹਿ ਸਕੀਏ।
ਇੰਡੀਆ ਦੇ ਕੈਪਟਨ ਨੇ ਫਲਾਈਟ 'ਚ ਪਰਮਵੀਰ ਚੱਕਰ ਜੇਤੂ ਸੂਬੇਦਾਰ ਮੇਜਰ ਸੰਜੇ ਕੁਮਾਰ ਦੀ ਪਛਾਣ ਬਾਕੀ ਯਾਤਰੀਆਂ ਨਾਲ ਕਰਵਾਉਂਦੇ ਹੋਏ ਕਾਰਗਿਲ ਜੰਗ 'ਚ ਉਨ੍ਹਾਂ ਦੀ ਵੀਰਤਾ ਦਾ ਕਿੱਸਾ ਵੀ ਸੁਣਾਇਆ। ਕੈਪਟਨ ਨੇ ਦੱਸਿਆ ਕਿ ਕਿਵੇਂ ਮੇਜਰ ਸੰਜੇ ਕੁਮਾਰ ਨੇ ਦੁਸ਼ਮਣਾਂ ਦੇ ਬੰਕਰ 'ਚ ਵੜ ਕੇ ਸਾਹਮਣਿਓਂ ਜੰਗ ਲੜੀ। ਮੇਜਰ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ ਪਰ ਫਿਰ ਵੀ ਉਨ੍ਹਾਂ ਨੇ ਦੁਸ਼ਮਣਾਂ ਨੂੰ ਢੇਰ ਕੀਤਾ। ਮੇਜਰ ਦੀ ਵੀਰਤਾ ਦੀ ਗਾਥਾ ਸੁਣ ਕੇ ਕੈਬਿਨ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਦੇਸ਼ ਪ੍ਰਤੀ ਉਨ੍ਹਾਂ ਦੀ ਸੇਵਾ ਨੂੰ ਦੇਖਦੇ ਹੋਏ ਏਅਰਲਾਈਨਜ਼ ਨੇ ਮੇਜਰ ਨੂੰ ਸਨਮਾਨਿਤ ਵੀ ਕੀਤਾ।
Flying with a hero: Subedar Major Sanjay Kumar ji, a Living Param Veer Chakra awardee! #goIndiGo #IndiaByIndiGo pic.twitter.com/CZsqlHxRj6
— IndiGo (@IndiGo6E) July 23, 2023
ਹਿਮਾਚਲ ਤੋਂ ਹਨ ਮੇਜਰ ਸੰਜੇ ਕੁਮਾਰ
ਪਰਮਵੀਰ ਚੱਕ ਜੇਤੂ 47 ਸਾਲਾ ਸੂਬੇਦਾਰ ਮੇਜਰ ਸੰਜੇ ਕੁਮਾਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਪਿੰਡ ਬਕੈਨ ਦੇ ਰਹਿਣ ਵਾਲੇ ਹਨ ਅਤੇ ਸਾਲ 1999 ਦੇ ਭਾਰਤ ਪਾਕਿਸਤਾਨ ਵਿਚਾਲੇ ਲੜੇ ਗਏ ਕਾਰਗਿਲ ਯੁੱਧ 'ਚ ਵੀਰਤਾ ਪੁਰਸਕਾਰ ਪਰਮਵੀਰ ਚੱਕਰ ਪਾਉਣ ਵਾਲੇ 21 ਵੀਰਾਂ 'ਚੋਂ ਇਕ ਹਨ। ਸੂਬੇਦਾਰ ਮੇਜਰ ਸੰਜੇ ਕੁਮਾਰ ਨੇ ਜੰਮੂ-ਕਸ਼ਮੀਰ ਰਾਈਫਲਸ ਦੀ 13ਵੀਂ ਬਟਾਲੀਅਨ 'ਚ ਇਕ ਯੁਵਾ ਰਾਈਫਲਮੈਨ ਦੇ ਤੌਰ 'ਤੇ ਭਾਰਤੀ ਫੌਜ 'ਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ। 4 ਜੁਲਾਈ, 1999 ਨੂੰ ਆਪਰੇਸ਼ਨ ਵਿਜੇ 'ਚ ਆਪਣੇ ਦਲ ਦੇ ਨਾਲ ਮੁਸ਼ਕੋਹ ਘਾਟੀ 'ਚ ਪੁਆਇੰਟ 4875 'ਤੇ ਕਬਜ਼ਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।