ਤੇਲੰਗਾਨਾ ਦੇ ਮੁੱਖ ਮੰਤਰੀ ਦੇ ਜਨਮ ਦਿਨ ਮੌਕੇ ਮੰਦਰ ’ਚ ਚੜ੍ਹਾਈ ਗਈ ਢਾਈ ਕਿਲੋ ਸੋਨੇ ਦੀ ਸਾੜ੍ਹੀ
Thursday, Feb 18, 2021 - 10:54 AM (IST)
ਹੈਦਰਾਬਾਦ— ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ (ਕੇ. ਸੀ. ਆਰ.) ਨੇ ਬੁੱਧਵਾਰ ਯਾਨੀ ਕਿ ਕੱਲ੍ਹ ਆਪਣਾ 68ਵਾਂ ਜਨਮ ਦਿਨ ਮਨਾਇਆ। ਤੇਲੰਗਾਨਾ ਰਾਸ਼ਟਰ ਕਮੇਟੀ ਦੇ ਚੀਫ਼ ਅਤੇ ਸੂਬੇ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੇ ਜਨਮ ਦਿਨ ਮੌਕੇ ’ਤੇ ਪ੍ਰੇਦਸ਼ ਦੇ ਤਮਾਮ ਮੰਦਰਾਂ ’ਚ ਵਿਸ਼ੇਸ਼ ਪੂਜਾ ਸਮਾਰੋਹ ਦਾ ਆਯੋਜਨ ਹੋਇਆ। ਇਸ ਤੋਂ ਇਲਾਵਾ ਕੇ. ਸੀ. ਆਰ. ਸਰਕਾਰ ਦੇ ਮੰਤਰੀ ਸ਼੍ਰੀਨਿਵਾਸ ਯਾਦਵ ਨੇ ਦੇਵੀ ਯੇਲੰਮਾ ਦੇ ਮੰਦਰ ’ਚ ਢਾਈ ਕਿਲੋ ਸੋਨੇ ਦੀ ਸਾੜ੍ਹੀ ਚੜ੍ਹਾਈ।
ਇਸ ਸਾੜ੍ਹੀ ਦੀ ਕੀਮਤ ਲੱਗਭਗ ਸਵਾ ਕਰੋੜ ਰੁਪਏ ਹੈ। ਬੁੱਧਵਾਰ ਨੂੰ ਕੇ. ਸੀ. ਆਰ. ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਤਮਾਮ ਸਮਰਥਕਾਂ ਨੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ। ਇਸ ਮੌਕੇ ’ਤੇ ਕੇ. ਸੀ. ਆਰ. ਦੀ ਪਾਰਟੀ ਨੇ ਪ੍ਰਦੇਸ਼ ’ਚ 1 ਕਰੋੜ ਬੂਟੇ ਲਾਉਣ ਦੀ ਯੋਜਨਾ ਵੀ ਬਣਾਈ ਹੈ।
ਚੰਦਰਸ਼ੇਖਰ ਰਾਵ ਦੇ ਜਨਮ ਦਿਨ ’ਤੇ ਦੇਸ਼ ਦੇ ਤਮਾਮ ਸਿਆਸੀ ਲੋਕਾਂ ਨੇ ਵੀ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀ. ਐੱਮ. ਚੰਦਰਸ਼ੇਖਰ ਨੂੰ ਸ਼ੁੱਭ ਕਾਮਨਾ ਸੰਦੇਸ਼ ਦਿੰਦੇ ਹੋਏ ਟਵੀਟ ਕੀਤਾ ਕਿ ਤੇਲੰਗਾਨਾ ਦੇ ਸੀ. ਐੱਮ. ਕੇ. ਸੀ. ਆਰ. ਗਾਰੂ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ। ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।